ਮੁਹਾਲੀ ਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਦੇ 4 ਮੈਂਬਰ ਕਾਬੂ, 8 ਮੋਟਰਸਾਈਕਲ ਤੇ ਇਕ ਐਕਟਿਵਾ ਬਰਾਮਦ
ਮੁਹਾਲੀ ਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਦੇ 4 ਮੈਂਬਰ ਕਾਬੂ, 8 ਮੋਟਰਸਾਈਕਲ ਅਤੇ ਇਕ ਐਕਟਿਵਾ ਬਰਾਮਦ
Publish Date: Mon, 01 Jun 2026 07:55 PM (IST)
Updated Date: Mon, 01 Jun 2026 09:13 PM (IST)

ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਸ਼ਹਿਰ ਵਿਚ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਥਾਣਾ ਫੇਜ਼-1 ਦੀ ਪੁਲਿਸ ਟੀਮ ਨੂੰ ਸਫ਼ਲਤਾ ਹਾਸਲ ਹੋਈ ਹੈ। ਮੁੱਖ ਅਫ਼ਸਰ ਸੁਖਬੀਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਟੀਮ ਨੇ ਇਕ ਸਰਗਰਮ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਦੇ 8 ਮੋਟਰਸਾਈਕਲ ਅਤੇ ਇਕ ਐਕਟਿਵਾ ਸਕੂਟਰੀ ਬਰਾਮਦ ਕੀਤੀ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਹੋਈ ਪਹਿਲੀ ਗ੍ਰਿਫ਼ਤਾਰੀ : ਡੀਐੱਸਪੀ ਸਿਟੀ-1 ਗੁਰਚਰਨ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 23 ਮਈ 2026 ਨੂੰ ਮਿਲੀ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਫੇਸ-1 ਵਿਖੇ ਮੁਕੱਦਮਾ ਨੰ. 109, ਅਧੀਨ 303(2) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਟੀਮ ਨੇ ਫੇਜ਼-1 ਮੁਹਾਲੀ ਵਿਖੇ ਨਾਕਾਬੰਦੀ ਦੌਰਾਨ ਹਰਵਿੰਦਰ ਕੁਮਾਰ ਵਾਸੀ ਬਲੌਂਗੀ ਨੂੰ ਚੋਰੀ ਦੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ। ਪੁੱਛਗਿੱਛ ਦੌਰਾਨ ਉਸ ਦੇ ਕਬਜ਼ੇ ’ਚੋਂ ਇਕ ਹੋਰ ਬਿਨਾਂ ਨੰਬਰੀ ਬੁਲੇਟ ਮੋਟਰਸਾਈਕਲ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਖੁੱਲ੍ਹੇ ਭੇਦ, ਬਾਕੀ ਮੁਲਜ਼ਮ ਵੀ ਚੜ੍ਹੇ ਅੜਿੱਕੇ : ਪੁਲਿਸ ਵੱਲੋਂ ਹਰਵਿੰਦਰ ਕੁਮਾਰ ਤੋਂ ਕੀਤੀ ਪੁੱਛਗਿੱਛ ਦੇ ਆਧਾਰ ’ਤੇ ਇਸ ਮਾਮਲੇ ਵਿਚ ਭਰਤ ਕੁਮਾਰ ਉਰਫ਼ ਮੰਗੂ ਵਾਸੀ ਸੈਕਟਰ 56, ਚੰਡੀਗੜ੍ਹ ਨੂੰ ਮੁਲਜ਼ਮ ਨਾਮਜ਼ਦ ਕਰਕੇ 26 ਮਈ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ। ਭਰਤ ਕੁਮਾਰ ਦੇ ਕਬਜ਼ੇ ਵਿਚੋਂ ਇਕ ਬਿਨਾਂ ਨੰਬਰੀ ਐਕਟਿਵਾ ਸਕੂਟਰੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭਰਤ ਕੁਮਾਰ ਦੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਇਸ ਗਿਰੋਹ ਦੇ ਦੋ ਹੋਰ ਮੈਂਬਰਾਂ ਈਸ਼ਰ ਸਿੰਘ ਉਰਫ਼ ਗੱਬਰ ਵਾਸੀ ਕੁਰਾਲੀ ਅਤੇ ਜਗਦੀਪ ਸਿੰਘ ਉਰਫ਼ ਕਾਲਾ ਸੰਧੂ ਵਾਸੀ ਸੰਧੂਆ, ਜ਼ਿਲ੍ਹਾ ਰੋਪੜ ਨੂੰ ਨਾਮਜ਼ਦ ਕੀਤਾ ਗਿਆ। ਇਨ੍ਹਾਂ ਦੋਵਾਂ ਨੂੰ 28 ਮਈ 2026 ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਕੁੱਲ ਬਰਾਮਦਗੀ ਦਾ ਵੇਰਵਾ : ਥਾਣਾ ਫੇਸ-1 ਦੀ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਸੀ। ਰਿਮਾਂਡ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਬਰਾਮਦਗੀ ਕੀਤੀ ਗਈ, ਜਿਨ੍ਹਾਂ ’ਚ ਕੁੱਲ 08 ਮੋਟਰਸਾਈਕਲ ਅਤੇ ਇਕ ਐਕਟਿਵਾ ਸਕੂਟਰੀ ਸ਼ਾਮਲ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਫੜੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਲਗਾਤਾਰ ਜਾਰੀ ਹੈ। ਪੁਲਿਸ ਨੂੰ ਉਮੀਦ ਹੈ ਕਿ ਇਨ੍ਹਾਂ ਕੋਲੋਂ ਹੋਰ ਵੀ ਕਈ ਅਹਿਮ ਖ਼ੁਲਾਸੇ ਹੋ ਸਕਦੇ ਹਨ ਅਤੇ ਇਨ੍ਹਾਂ ਖ਼ਿਲਾਫ਼ ਦਰਜ ਹੋਰ ਮੁਕੱਦਮਿਆਂ ਸਬੰਧੀ ਵੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।