ਮੁਹਾਲੀ ਨਿਗਮ ਵੱਲੋਂ ਸ਼ਹਿਰ ’ਚ ਸੜਕ ਸਫ਼ਾਈ ਅਤੇ ਸੈਨੀਟੇਸ਼ਨ ਮੁਹਿੰਮ ਦੀ ਵਿਆਪਕ ਸ਼ੁਰੂਆਤ
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਿਚ ਸੜਕ ਸਫ਼ਾਈ ਅਤੇ ਸੈਨੀਟੇਸ਼ਨ ਮੁਹਿੰਮ ਦੀ ਵਿਆਪਕ ਸ਼ੁਰੂਆਤ
Publish Date: Thu, 05 Feb 2026 06:00 PM (IST)
Updated Date: Thu, 05 Feb 2026 06:02 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਨਗਰ ਨਿਗਮ ਮੁਹਾਲੀ ਵੱਲੋਂ ਸ਼ਹਿਰ ਦੀਆਂ ਸੜਕਾਂ ਨੂੰ ਸਾਫ਼–ਸੁਥਰਾ, ਵਾਤਾਵਰਨ ਨੂੰ ਸਿਹਤਮੰਦ ਅਤੇ ਸ਼ਹਿਰੀ ਜੀਵਨ ਨੂੰ ਹੋਰ ਸੁਚੱਜਾ ਬਣਾਉਣ ਦੇ ਮਕਸਦ ਨਾਲ ਸ਼ਹਿਰ ਪੱਧਰ ’ਤੇ ਵਿਸ਼ੇਸ਼ ਸੜਕ ਸਫ਼ਾਈ ਅਤੇ ਸੈਨੀਟੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਮਿਸ਼ਨਰ, ਨਗਰ ਨਿਗਮ ਮੁਹਾਲੀ, ਪਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਖੇਤਰਾਂ ’ਚ ਚਲਾਈ ਜਾ ਰਹੀ ਹੈ। ਇਸ ਤਹਿਤ ਸੜਕਾਂ, ਫੁੱਟਪਾਥਾਂ ਅਤੇ ਵਿਚਕਾਰਲੇ ਹਿੱਸਿਆਂ ਤੋਂ ਧੂੜ, ਮਲਬਾ, ਬਾਗਬਾਨੀ ਕੂੜਾ ਅਤੇ ਗੰਦਗੀ ਦੀ ਨਿਯਮਿਤ ਸਫ਼ਾਈ ਕੀਤੀ ਜਾ ਰਹੀ ਹੈ। ਸਫ਼ਾਈ ਲਈ ਹੱਥੀਂ ਅਤੇ ਮਸ਼ੀਨੀ, ਦੋਹਾਂ ਤਰੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਖ਼ਾਸ ਕਰਕੇ ਵਧੇਰੇ ਆਵਾਜਾਈ ਵਾਲੇ ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਨਗਰ ਨਿਗਮ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਮੁਹਿੰਮ ਵਿਚ ਪੂਰਾ ਸਹਿਯੋਗ ਦੇਣ, ਸੜਕਾਂ ’ਤੇ ਕੂੜਾ ਨਾ ਸੁੱਟਣ, ਆਲੇ–ਦੁਆਲੇ ਸਫ਼ਾਈ ਬਣਾਈ ਰੱਖਣ ਅਤੇ ਨਿਰਧਾਰਤ ਸਫ਼ਾਈ ਸਮੇਂ ਦੌਰਾਨ ਸੜਕ ਕਿਨਾਰੇ ਵਾਹਨ ਪਾਰਕ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਦੱਸਿਆ ਕਿ ਪਾਣੀ ਭਰਾਉਣ ਤੋਂ ਬਚਾਅ ਅਤੇ ਸਾਫ਼–ਸੁਥਰੇ ਹਾਲਾਤ ਯਕੀਨੀ ਬਣਾਉਣ ਲਈ ਸੜਕਾਂ ਦੀਆਂ ਨਾਲੀਆਂ (ਰੋਡ ਗਲੀਆਂ) ਦੀ ਵੀ ਵਿਆਪਕ ਸਫ਼ਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ੋਨ ਨੰਬਰ–1 ਦੇ ਸਾਰੇ ਰਿਸੋਰਸ ਮੈਨੇਜਮੈਂਟ ਸੈਂਟਰਾਂ (ਅਰਐੱਮਸੀ) ਦੀ ਸਫ਼ਾਈ ਅਤੇ ਰਖ–ਰਖਾਅ ਦਾ ਕੰਮ ਪੂਰਾ ਕਰ ਲਿਆ ਗਿਆ ਹੈ, ਜਿਸ ਨਾਲ ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਹੋਰ ਸੁਚੱਜਾ ਬਣਾਇਆ ਗਿਆ ਹੈ। ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਆਰਐੱਮਸੀ ਸੈਕਟਰ 80, ਆਰਐੱਮਸੀ ਫੇਜ਼–9 ਅਤੇ ਆਰਐੱਮਸੀ ਸੈਕਟਰ–69 ਸਮੇਤ ਨੇੜਲੇ ਵਪਾਰਕ ਖੇਤਰਾਂ ਦਾ ਮੌਕੇ ’ਤੇ ਜਾ ਕੇ ਨਿਰੀਖਣ ਕੀਤਾ ਗਿਆ, ਤਾਂ ਜੋ ਕੂੜੇ ਦੀ ਸਮੇਂ ਸਿਰ ਨਿਪਟਾਰਾ/ਇਕੱਤਰ ਕਰਨ ਦੀ ਪ੍ਰਕਿਰਿਆ ਯਕੀਨੀ ਬਣਾਈ ਜਾ ਸਕੇ। ਬਾਜ਼ਾਰੀ ਖੇਤਰਾਂ ਵਿਚ ਦੋਹਰੇ ਡੱਬੇ (ਟਵਿਨ ਬਿਨ) ਵੀ ਲਗਾਏ ਗਏ ਹਨ, ਤਾਂ ਜੋ ਸਰੋਤ ’ਤੇ ਹੀ ਕੂੜੇ ਦੀ ਵੱਖ–ਵੱਖ ਛਾਂਟ ਨੂੰ ਉਤਸ਼ਾਹ ਮਿਲੇ। ਜੁਆਇੰਟ ਕਮਿਸ਼ਨਰ ਜਸਜੀਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਮੁਹਾਲੀ ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰੀ ਸਫ਼ਾਈ ਅਤੇ ਵਾਤਾਵਰਣਕ ਸਿਹਤ ਦੇ ਉੱਚ ਮਿਆਰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨਾਗਰਿਕਾਂ ਨੂੰ ਇਸ ਸਾਂਝੀ ਮੁਹਿੰਮ ਵਿਚ ਪੂਰਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ, ਸਾਵਧਾਨ ਵੀ ਕੀਤਾ ਕਿ ਸਫ਼ਾਈ ਨਿਯਮਾਂ ਦੀ ਉਲੰਘਣਾ ਕਰਨ ਜਾਂ ਕੂੜਾ ਸੁੱਟਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਸਮੇਤ ਚਾਲਾਨ ਜਾਰੀ ਕਰਨ ਆਦਿ ਕੀਤੀ ਜਾਵੇਗੀ।