ਮੁਹਾਲੀ ਨੂੰ 12 ਸਾਲ ਬਾਅਦ ਮਿਲੀ ਵੱਡੀ ਸੌਗਾਤ
ਮੁਹਾਲੀ ਨੂੰ 12 ਸਾਲ ਬਾਅਦ ਮਿਲੀ ਵੱਡੀ ਸੌਗਾਤ :
Publish Date: Tue, 03 Feb 2026 05:21 PM (IST)
Updated Date: Tue, 03 Feb 2026 05:23 PM (IST)

ਤਿੰਨ ਏਕੜ ਜ਼ਮੀਨ ’ਤੇ ਬਣੇਗਾ ਅਧੁਨਿਕ ਓਲਡ ਏਜ ਹੋਮ : ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ਹਿਰ ਦੇ ਬਜ਼ੁਰਗਾਂ ਲਈ ਓਲਡ ਏਜ ਹੋਮ ਬਣਾਉਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਹੁਣ ਹਕੀਕਤ ਬਣਨ ਵੱਲ ਵਧ ਰਹੀ ਹੈ ਅਤੇ ਇਸ ਪਿੱਛੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਲਗਾਤਾਰ ਕਾਨੂੰਨੀ ਪੈਰਵੀ ਅਤੇ ਸਮਾਜਿਕ ਮਿਹਨਤ ਨੂੰ ਵੱਡੀ ਕਾਮਯਾਬੀ ਮਿਲੀ ਹੈ। ਹਾਈ ਕੋਰਟ ’ਚ ਕੀਤੀ ਗਈ 11 ਸਾਲ ਦੀ ਲੜਾਈ ਅਤੇ ਪੇਸ਼ੀਆਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿਚ ਅਧੁਨਿਕ ਓਲਡ ਏਜ ਹੋਮ ਬਣਾਉਣ ਦੀ ਪ੍ਰਕਿਰਿਆ ਨੂੰ ਹਰੀ ਝੰਡੀ ਮਿਲ ਗਈ ਹੈ। ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਬੇਦੀ ਨੇ ਕਿਹਾ ਕਿ ਬਜ਼ੁਰਗਾਂ ਦੀ ਸੁਰੱਖਿਆ, ਸਨਮਾਨ ਅਤੇ ਸੰਭਾਲ ਲਈ ਸ਼ੁਰੂ ਕੀਤਾ ਗਿਆ ਇਹ ਸੰਘਰਸ਼ ਹੁਣ ਜ਼ਮੀਨੀ ਪੱਧਰ ’ਤੇ ਅਮਲ ਵੱਲ ਵਧ ਰਿਹਾ ਹੈ, ਜੋ ਮੁਹਾਲੀ ਦੇ ਬਜ਼ੁਰਗਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਤਪਾ ਵਿਚ ਬਣੇ ਓਲਡ ਏਜ ਹੋਮ ਦੇ ਮਾਡਲ ਨੂੰ ਧਿਆਨ ਵਿਚ ਰੱਖਦੇ ਹੋਏ ਮੁਹਾਲੀ ਲਈ ਯੋਜਨਾ ਤਿਆਰ ਕੀਤੀ ਗਈ ਹੈ। ਬੇਦੀ ਮੁਤਾਬਕ, ਗਮਾਡਾ ਵੱਲੋਂ ਤਿੰਨ ਏਕੜ ਜ਼ਮੀਨ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਇੱਥੇ ਕਰੀਬ ਇਕ ਸੌ ਪੰਜਾਹ ਬਜ਼ੁਰਗਾਂ ਲਈ ਰਿਹਾਇਸ਼ ਦੀ ਸੁਵਿਧਾ ਹੋਵੇਗੀ, ਜਿੱਥੇ ਉਨ੍ਹਾਂ ਨੂੰ ਪਰਿਵਾਰਕ ਮਾਹੌਲ ਦੇ ਨਾਲ ਸਿਹਤ ਅਤੇ ਰੋਜ਼ਾਨਾ ਦੀਆਂ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ‘‘‘‘‘‘‘‘‘‘‘‘ ਪ੍ਰਾਜੈਕਟ ਦੀਆਂ ਮੁੱਖ ਜਾਣਕਾਰੀਆਂ ਡਿਪਟੀ ਮੇਅਰ ਬੇਦੀ ਨੇ ਦੱਸਿਆ ਕਿ ਮੁਹਾਲੀ ਵਿਚ ਬਣਨ ਵਾਲਾ ਇਹ ਓਲਡ ਏਜ ਹੋਮ ਤਿੰਨ ਏਕੜ ਵਿਚ ਫੈਲਿਆ ਹੋਇਆ ਅਧੁਨਿਕ ਕੈਂਪਸ ਹੋਵੇਗਾ, ਜਿਸ ਲਈ ਗਮਾਡਾ ਵੱਲੋਂ ਜ਼ਮੀਨ ਮੁਫ਼ਤ ਦਿੱਤੀ ਜਾ ਰਹੀ ਹੈ। ਇਸ ਕੇਂਦਰ ਵਿਚ ਲਗਭਗ ਇਕ ਸੌ ਪੰਜਾਹ ਬਜ਼ੁਰਗਾਂ ਦੀ ਰਿਹਾਇਸ਼ ਸਮਰਥਾ ਹੋਵੇਗੀ ਅਤੇ ਇਸਦਾ ਡਿਜ਼ਾਇਨ ਤਪਾ ਮੰਡੀ ਵਿਚ ਪਹਿਲਾਂ ਤੋਂ ਚੱਲ ਰਹੇ ਓਲਡ ਏਜ ਹੋਮ ਦੇ ਆਧਾਰ ’ਤੇ ਤਿਆਰ ਕੀਤਾ ਜਾਵੇਗਾ। ਡਿਪਟੀ ਮੇਅਰ ਨੇ ਕਿਹਾ ਕਿ ਮੁਹਾਲੀ ਦੇ ਬਹੁਤ ਸਾਰੇ ਬਜ਼ੁਰਗ ਅੱਜ ਇਕੱਲੇਪਨ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਬੱਚੇ ਵਿਦੇਸ਼ਾਂ ਜਾਂ ਹੋਰ ਸ਼ਹਿਰਾਂ ਵਿਚ ਵੱਸਦੇ ਹਨ। ਇਹ ਕੇਂਦਰ ਉਨ੍ਹਾਂ ਲਈ ਸਿਰਫ਼ ਰਹਿਣ ਦੀ ਥਾਂ ਨਹੀਂ, ਸਗੋਂ ਸਮਾਜਿਕ ਸਹਾਰਾ ਅਤੇ ਸੁਰੱਖਿਅਤ ਜੀਵਨ ਦਾ ਕੇਂਦਰ ਬਣੇਗਾ। ‘‘‘‘‘‘‘‘‘‘‘‘‘ ਓਲਡ ਏਜ ਹੋਮ ਵਿਚ ਉਪਲਬੱਧ ਸਹੂਲਤਾਂ ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਚ ਚੌਵੀ ਘੰਟੇ ਐਂਬੂਲੈਂਸ ਸੇਵਾ, ਐਮਰਜੈਂਸੀ ਮੈਡੀਕਲ ਸਹੂਲਤਾਂ, ਨਿਯਮਿਤ ਡਾਕਟਰੀ ਜਾਂਚ ਅਤੇ ਫਿਜ਼ੀਓਥੈਰਪੀ ਦੀ ਵਿਵਸਥਾ ਹੋਵੇਗੀ। ਬਜ਼ੁਰਗਾਂ ਲਈ ਮੁਫ਼ਤ ਭੋਜਨ, ਰਾਸ਼ਨ, ਅਖਬਾਰ ਅਤੇ ਮਨੋਰੰਜਨ ਸਹੂਲਤਾਂ ਦਿੱਤੀਆਂ ਜਾਣਗੀਆਂ। ਪੂਰਾ ਕੈਂਪਸ ਸੁਰੱਖਿਅਤ ਹੋਵੇਗਾ ਅਤੇ ਉੱਥੇ ਨਿਗਰਾਨੀ ਪ੍ਰਣਾਲੀ ਦੇ ਨਾਲ ਸਟਾਫ਼ ਲਈ ਵੱਖਰੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਯੋਜਨਾ 2007 ਵਿਚ ਡਾ. ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਬਣਾਏ ਕਾਨੂੰਨ ਦੀ ਆਤਮਾ ਦੇ ਅਨੁਸਾਰ ਹੈ, ਜਿਸਦਾ ਮਕਸਦ ਬਜ਼ੁਰਗਾਂ ਦੀ ਭਲਾਈ ਲਈ ਓਲਡ ਏਜ ਹੋਮ ਸਥਾਪਿਤ ਕਰਨਾ ਹੈ। ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿਚ ਦਿੱਤੇ ਹਲਫਨਾਮੇ ਅਨੁਸਾਰ 21 ਜ਼ਿਲ੍ਹਿਆਂ ਵਿਚ ਅਜਿਹੇ ਕੇਂਦਰ ਬਣਾਉਣ ਦੀ ਪ੍ਰਕਿਰਿਆ ਨੂੰ ਲਾਗੂ ਕਰਵਾਉਣ ਲਈ ਉਹ ਲਗਾਤਾਰ ਕਾਨੂੰਨੀ ਪੱਧਰ ’ਤੇ ਯਤਨ ਕਰਦੇ ਰਹੇ ਹਨ। ‘‘‘‘‘‘‘‘‘‘‘‘‘ ਡਿਪਟੀ ਮੇਅਰ ਦਾ ਬਿਆਨ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਮੁਹਾਲੀ ਦੇ ਬਜ਼ੁਰਗਾਂ ਦੀ ਵੱਡੀ ਜਿੱਤ ਹੈ ਅਤੇ ਉਹ ਯਕੀਨੀ ਬਣਾਉਣਗੇ ਕਿ ਇਹ ਪ੍ਰੋਜੈਕਟ ਸਿਰਫ਼ ਐਲਾਨ ਤੱਕ ਸੀਮਿਤ ਨਾ ਰਹੇ, ਸਗੋਂ ਪੂਰੀ ਤਰ੍ਹਾਂ ਤਿਆਰ ਹੋ ਕੇ ਸਹੂਲਤਾਂ ਸਮੇਤ ਚੱਲੂ ਵੀ ਹੋਵੇ। ਉਨ੍ਹਾਂ ਕਿਹਾ ਕਿ ਜਦ ਤੱਕ ਇਮਾਰਤ ਤਿਆਰ ਨਹੀਂ ਹੁੰਦੀ, ਉਹ ਆਪਣੀ ਲੜਾਈ ਜਾਰੀ ਰੱਖਣਗੇ। ਇਸ ਮੌਕੇ ਬ੍ਰਿਗੇਡੀਅਰ ਜਗਦੇਵ ਸਿੰਘ, ਪ੍ਰਧਾਨ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਮੁਹਾਲੀ, ਆਰਪੀ ਵਿਗ, ਗੁਰਮੀਤ ਸਿੰਘ ਸਿਆਣ, ਅਜੈਬ ਸਿੰਘ ਬਾਕਰਪੁਰ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਬੈਂਸ ਸੀ-ਸੈਲ ਅਤੇ ਮੁਹਾਲੀ ਦੇ ਹੋਰ ਸੀਨੀਅਰ ਸਿਟੀਜ਼ਨ ਵੀ ਮੌਜੂਦ ਸਨ। ਇਸ ਫ਼ੈਸਲੇ ਨਾਲ ਮੁਹਾਲੀ ਵਿਚ ਸਮਾਜਿਕ ਸੁਰੱਖਿਆ ਢਾਂਚੇ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ ਅਤੇ ਬਜ਼ੁਰਗਾਂ ਲਈ ਸਨਮਾਨਜਨਕ ਜੀਵਨ ਵੱਲ ਇਹ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।