- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੂਰੇ ਦੇਸ਼ ਵਿਚ ਛਾਈ ਮੁਹਾਲੀ ਦੀ ਡੀਸੀ ਕੋਮਲ ਮਿੱਤਲ,

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮਸ਼ਹੂਰ ਰੇਟਿੰਗ ਮੈਗਜ਼ੀਨ 'ਫੇਮ ਇੰਡੀਆ' ਅਤੇ 'ਏਸ਼ੀਆ ਪੋਸਟ' ਵੱਲੋਂ ਸਾਂਝੇ ਤੌਰ 'ਤੇ ਕੀਤੇ ਗਏ 'ਬੈਸਟ ਡਿਸਟ੍ਰਿਕਟ ਮੈਜਿਸਟਰੇਟ ਸਰਵੇ' ਵਿਚ ਉਨ੍ਹਾਂ (ਡੀਸੀ ਕੋਮਲ ਮਿੱਤਲ) ਨੂੰ ਦੇਸ਼ ਦੇ ਟਾਪ-25 ਸਰਵੋਤਮ ਡੀਸੀਜ਼ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।
ਇਸ ਵੱਕਾਰੀ ਸਰਵੇਖਣ ਵਿਚ ਦੇਸ਼ ਭਰ ਦੇ ਲਗਭਗ 800 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਮੁਖੀਆਂ ਦੀ ਕਾਰਗੁਜ਼ਾਰੀ ਨੂੰ ਪਰਖਿਆ ਗਿਆ ਸੀ, ਜਿਸ ਵਿਚੋਂ ਪਹਿਲਾਂ 100 ਸ਼ਾਨਦਾਰ ਅਧਿਕਾਰੀਆਂ ਦੀ ਚੋਣ ਕੀਤੀ ਗਈ। ਬਾਅਦ ਵਿਚ ਸ੍ਰੀਮਤੀ ਕੋਮਲ ਮਿੱਤਲ ਨੇ ਟਾਪ-25 ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਫੇਮ ਇੰਡੀਆ ਵੱਲੋਂ ਇਹ ਚੋਣ ਕਿਸੇ ਇਕ ਪੱਖ ਨੂੰ ਦੇਖ ਕੇ ਨਹੀਂ ਕੀਤੀ ਗਈ, ਸਗੋਂ 10 ਸਖ਼ਤ ਪ੍ਰਸ਼ਾਸਨਿਕ ਮਾਪਦੰਡਾਂ ਦੇ ਆਧਾਰ 'ਤੇ ਕੀਤੀ ਗਈ ਹੈ। ਸ਼ਾਨਦਾਰ ਪ੍ਰਸ਼ਾਸਨਿਕ ਸਮਰੱਥਾ, ਪ੍ਰਭਾਵਸ਼ਾਲੀ ਸ਼ਾਸਨ ਪ੍ਰਣਾਲੀ, ਦੂਰਦਰਸ਼ਤਾ ਤੇ ਨਵੀਨਤਾ, ਜਵਾਬਦੇਹ ਕਾਰਜਸ਼ੈਲੀ, ਤੁਰੰਤ ਫ਼ੈਸਲਾ ਲੈਣ ਦੀ ਸਮਰੱਥਾ, ਸੰਕਟ ਪ੍ਰਬੰਧਨ ਦੇ ਹੁਨਰ, ਜਨਤਾ ਪ੍ਰਤੀ ਸੰਵੇਦਨਸ਼ੀਲਤਾ ਅਤੇ ਗੰਭੀਰਤਾ ਆਦਿ ਪੁਆਇੰਟਾਂ ’ਤੇ ਸ੍ਰੀਮਤੀ ਕੋਮਲ ਮਿੱਤਲ ਖਰਾ ਉਤਰਦੇ ਹਨ।
ਕੋਮਲ ਮਿੱਤਲ 2014 ਬੈਚ ਦੀ ਆਈਏਐੱਸ ਅਧਿਕਾਰੀ ਹਨ। ਇਸ ਸਮੇਂ ਉਹ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ, ਇਸ ਤੋਂ ਪਹਿਲਾਂ ਉਹ ਹੁਸ਼ਿਆਰਪੁਰ ਵਿਚ ਵੀ ਬਤੌਰ ਡੀਸੀ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਇਸ ਦੇ ਨਾਲ ਹੀ ਉਹ ਅੰਮ੍ਰਿਤਸਰ ਨਗਰ ਨਿਗਮ ਦੇ ਵਧੀਕ ਕਮਿਸ਼ਨਰ, ਐੱਸਡੀਐੱਮ ਮੁਕੇਰੀਆਂ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿਚ ਵਧੀਕ ਸਕੱਤਰ ਵਰਗੇ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਪੰਜਾਬੀ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਮੁਹਾਲੀ ਵਰਗੇ ਹਾਈ-ਪ੍ਰੋਫਾਈਲ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਮੁਹਾਲੀ ਜ਼ਿਲ੍ਹੇ ਵਿਚ ਉਨ੍ਹਾਂ ਨੇ ਕਈ ਮਹੱਤਵਪੂਰਨ ਸੁਧਾਰ ਕੀਤੇ ਹਨ। ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜ਼ਿਲ੍ਹੇ ਵਿਚ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰਾਂ ਨੂੰ ਮਜ਼ਬੂਤ ਕਰਨਾ। ਸਰਕਾਰੀ ਸੇਵਾਵਾਂ ਵਿਚ ਪਾਰਦਰਸ਼ਤਾ ਲਿਆਉਣਾ ਤਾਂ ਜੋ ਆਮ ਲੋਕਾਂ ਨੂੰ ਦਫ਼ਤਰਾਂ ਵਿਚ ਖ਼ੁਆਰ ਨਾ ਹੋਣਾ ਪਵੇ। ਮੁਹਾਲੀ ਵਿਚ ਫਰਜ਼ੀ ਟਰੈਵਲ ਏਜੰਟਾਂ ਦੁਆਰਾ ਭੋਲੇ-ਭਾਲੇ ਲੋਕਾਂ ਦੀ ਹੁੰਦੀ ਲੁੱਟ-ਖਸੁੱਟ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ। ਨਾਜਾਇਜ਼ ਕਬਜ਼ਿਆਂ ਅਤੇ ਬਿਨਾਂ ਮਨਜ਼ੂਰੀ ਵਾਲੀਆਂ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ। ਕਾਬਿਲੇਗੌਰ ਹੈ ਕਿ ਫੇਮ ਇੰਡੀਆ ਮੈਗਜ਼ੀਨ ਵੱਲੋਂ ਹਰ ਸਾਲ ਇਹ ਵੱਕਾਰੀ ਸਰਵੇਖਣ ਕਰਵਾਇਆ ਜਾਂਦਾ ਹੈ, ਜਿਸਦਾ ਮਕਸਦ ਦੇਸ਼ ਦੇ ਉਨ੍ਹਾਂ ਜ਼ਿਲ੍ਹਾ ਮੈਜਿਸਟ੍ਰੇਟਾਂ ਦੇ ਕੰਮ ਨੂੰ ਉਭਾਰਨਾ ਹੈ, ਜੋ ਬਿਨਾਂ ਕਿਸੇ ਪੱਖਪਾਤ ਦੇ ਆਮ ਜਨਤਾ ਦੀ ਸੇਵਾ ਅਤੇ ਜ਼ਮੀਨੀ ਪੱਧਰ 'ਤੇ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਮੋਹਰੀ ਰਹਿੰਦੇ ਹਨ। ਕੋਮਲ ਮਿੱਤਲ ਦਾ ਇਸ ਸੂਚੀ ਵਿਚ ਆਉਣਾ ਮੁਹਾਲੀ ਸਮੇਤ ਪੂਰੇ ਪੰਜਾਬ ਦੇ ਪ੍ਰਸ਼ਾਸਨ ਲਈ ਇਕ ਵੱਡੀ ਉਪਲਬਧੀ ਹੈ।