ਮੁਹਾਲੀ ਕਰਨੀਵਲ; ਗਾਇਕ ਰਣਜੀਤ ਬਾਵਾ ਨੇ ਬੰਨ੍ਹਿਆ ਰੰਗ
ਮੁਹਾਲੀ ਕਰਨੀਵਲ; ਗਾਇਕ ਰਣਜੀਤ ਬਾਵਾ ਨੇ ਬੰਨਿਆ ਰੰਗ
Publish Date: Sun, 08 Feb 2026 07:40 PM (IST)
Updated Date: Sun, 08 Feb 2026 07:41 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਕਾਰਨੀਵਲ ’ਚ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਖ਼ੂਬ ਰੰਗ ਬੰਨਿ੍ਹਆ, ਜਿਸਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਉਨ੍ਹਾਂ ਦੇ ਨਾਲ ਗਾਇਕ ਅਤੇ ਐਕਟਰ ਐਮੀ ਵਿਰਕ ਦੀ ਆਉਣ ਵਾਲੀ ਫਿਲਮ ਬੰਬੂਕਾਟ-2 ਦੀ ਟੀਮ ਵੀ ਹਾਜ਼ਰ ਰਹੀ। ਇਸ ਦੇ ਨਾਲ ਹੀ ਡੀਸੀ ਕੋਮਲ ਮਿੱਤਲ ਨੇ ਵੀ ਕਾਰਨੀਵਲ ਦਾ ਦੌਰਾ ਕੀਤਾ ਅਤੇ ਪੰਜਾਬ ਸਖੀ ਸ਼ਕਤੀ ਮੇਲੇ ਨੂੰ ਛੋਟੀਆਂ ਮਹਿਲਾ ਉਦਮੀਆਂ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਮਹੱਤਵਪੂਰਨ ਮੰਚ ਕਰਾਰ ਦਿੱਤਾ, ਖ਼ਾਸ ਕਰ ਕੇ ਪਿੰਡਾਂ ਨਾਲ ਸਬੰਧਤ ਮਹਿਲਾ ਸਵੈ-ਸਹਾਇਤਾ ਸਮੂਹਾਂ ਲਈ। ਇਸ ਦੌਰਾਨ ਉਨ੍ਹਾਂ ਨੇ ਦਰਸ਼ਕਾਂ ਦੇ ਨਾਲ ਸੰਗੀਤਮਈ ਸ਼ਾਮ ਦਾ ਆਨੰਦ ਵੀ ਲਿਆ। ਡੀਸੀ ਨੇ ਦੱਸਿਆ ਕਿ ਇਹ ਮੇਲਾ ਪੰਜਾਬ ਸਰਕਾਰ ਦੀ ਇਕ ਮਹੱਤਵਪੂਰਨ ਪਹਿਲ ਹੈ, ਜਿਸਦਾ ਉਦੇਸ਼ ਪਿੰਡਾਂ ਦੇ ਮਹਿਲਾ ਸਵੈ-ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਨੂੰ ਬਾਜ਼ਾਰ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਦੀ ਆਰਥਿਕ ਖ਼ੁਦਮੁਖ਼ਤਿਆਰੀ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਜ਼ਮੀਨੀ ਪੱਧਰ ’ਤੇ ਉਦਮਤਾ ਨੂੰ ਹੋਰ ਉਤਸ਼ਾਹ ਮਿਲੇ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਮੋਹ ਲਿਆ ਅਤੇ ਕਾਰਨੀਵਲ ਦੇ ਮਾਹੌਲ ਨੂੰ ਹੋਰ ਸ਼ਾਨਦਾਰ ਬਣਾ ਦਿੱਤਾ। ਆਉਣ ਵਾਲੀ ਪੰਜਾਬੀ ਫਿਲਮ ਬੰਬੂਕਾਟ-2 ਦੀ ਸਟਾਰ ਕਾਸਟ ਵੀ ਪ੍ਰਮੋਸ਼ਨ ਲਈ ਕਾਰਨੀਵਲ ਵਿਚ ਪਹੁੰਚੀ ਅਤੇ ਲੋਕਾਂ ਨਾਲ ਰਾਬਤਾ ਕੀਤਾ। ਏਡੀਸੀ (ਦਿਹਾਤੀ ਵਿਕਾਸ) ਸੋਨਮ ਚੌਧਰੀ, ਮੁੱਖ ਮੰਤਰੀ ਫੀਲਡ ਅਫ਼ਸਰ ਗੁਰਮੀਤ ਸਿੰਘ ਸੋਹੀ ਅਤੇ ਡੀਐੱਸਪੀ ਅਜੀਤ ਪਾਲ ਸਿੰਘ ਵੀ ਇਸ ਮੌਕੇ ਮੌਜੂਦ ਰਹੇ। ਟਰਾਈਸਿਟੀ ਤੋਂ ਆਏ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਕਾਰਨੀਵਲ ਦਾ ਰੁਖ਼ ਕੀਤਾ ਅਤੇ ਫੂਡ ਕੋਰਟਾਂ ਤੇ ਸ਼ਾਪਿੰਗ ਸਟਾਲਾਂ ਦਾ ਆਨੰਦ ਲੈਣ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਅਤੇ ਸੰਗੀਤਮਈ ਸ਼ਾਮਾਂ ਵਿਚ ਹਿੱਸਾ ਲਿਆ। ਡੀਸੀ ਕੋਮਲ ਮਿੱਤਲ ਨੇ ਕਿਹਾ,“ਮੁਹਾਲੀ ਕਾਰਨੀਵਲ ਪੰਜਾਬ ਸਖੀ ਸ਼ਕਤੀ ਮੇਲਾ ਇਕ ਸ਼ਾਨਦਾਰ ਪਹਿਲ ਹੈ, ਜੋ ਨਾ ਸਿਰਫ਼ ਲੋਕਾਂ ਨੂੰ ਮਨੋਰੰਜਨ ਪ੍ਰਦਾਨ ਕਰਦਾ ਹੈ, ਸਗੋਂ ਛੋਟੀਆਂ ਮਹਿਲਾ ਉਦਮੀਆਂ, ਖ਼ਾਸ ਕਰਕੇ ਪਿੰਡਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਆਪਣੇ ਉਤਪਾਦ ਪ੍ਰਦਰਸ਼ਿਤ ਕਰਨ ਅਤੇ ਵੇਚਣ ਲਈ ਮੌਕਾ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੰਚ ਸਥਾਨਕ ਉਦਮਤਾ ਨੂੰ ਮਜ਼ਬੂਤ ਕਰਦੇ ਹਨ, ਸਵੈ-ਰੁਜ਼ਗਾਰ ਨੂੰ ਉਤਸ਼ਾਹਤ ਕਰਦੇ ਹਨ ਅਤੇ ਉਨ੍ਹਾਂ ਦੇ ਆਰਥਿਕ ਵਿਕਾਸ ਵਿਚ ਯੋਗਦਾਨ ਪਾਉਂਦੇ ਹਨ। ਟਰਾਈਸਿਟੀ ਦੇ ਲੋਕਾਂ ਦੀ ਉਤਸ਼ਾਹਪੂਰਣ ਭਾਗੀਦਾਰੀ ਇਨ੍ਹਾਂ ਯਤਨਾਂ ਦੀ ਕਾਮਯਾਬੀ ਅਤੇ ਖੇਤਰ ਦੀ ਸੱਭਿਆਚਾਰਕ ਰੂਹ ਨੂੰ ਦਰਸਾਉਂਦੀ ਹੈ।”