ਮੁਹਾਲੀ ਕਾਰਨੀਵਲ : ਪੰਜਾਬ ਸਖੀ ਸ਼ਕਤੀ ਮੇਲੇ ’ਚ ਪ੍ਰਭ ਗਿੱਲ ਦੀ ਗਾਇਕੀ ਨੇ ਬੰਨ੍ਹਿਆ ਸਮਾਂ
ਮੁਹਾਲੀ ਕਾਰਨੀਵਲ : ਪੰਜਾਬ ਸਖੀ ਸ਼ਕਤੀ ਮੇਲੇ ਵਿਚ ਪ੍ਰਭ ਗਿੱਲ ਦੀ ਗਾਇਕੀ ਨੇ ਬੰਨ੍ਹਿਆ ਸਮਾਂ,
Publish Date: Fri, 06 Feb 2026 07:49 PM (IST)
Updated Date: Fri, 06 Feb 2026 07:53 PM (IST)

ਮਸ਼ਹੂਰ ਪੰਜਾਬੀ ਗੀਤਾਂ ਨਾਲ ਸੰਗੀਤ ਪ੍ਰੇਮੀਆਂ ਲਈ ਯਾਦਗਾਰ ਬਣਾਈ ਸ਼ਾਮ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਕਾਰਨੀਵਲ ਤਹਿਤ ਸਰਸ ਮੇਲਾ ਗਰਾਊਂਡ, ਸੈਕਟਰ-88 ਵਿਖੇ ਕਰਵਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਮੇਲੇ ਮੌਕੇ ਸ਼ੁੱਕਰਵਾਰ ਦੀ ਸੰਗੀਤਕ ਸ਼ਾਮ ਪ੍ਰਸਿੱਧ ਪੰਜਾਬੀ ਗਾਇਕ ਪ੍ਰਭ ਗਿੱਲ ਦੇ ਨਾਮ ਰਹੀ। ਪ੍ਰਭ ਗਿੱਲ ਨੇ ਆਪਣੇ ਸੁਪਰਹਿੱਟ ਗੀਤਾਂ ‘ਸ਼ੁਕਰ ਦਾਤਿਆ’, ਪਿਆਰ ਤੇਰੇ ਦਾ ਅਸਰ’, ‘ਲੰਘੇ ਪਾਣੀ’, ‘ਤਾਰਿਆਂ ਦੇ ਦੇਸ਼’ “ਪਿਆਰ ਤੇਰਾ ਬੱਚਿਆਂ ਵਰਗਾ ਏ” ਸਮੇਤ ਹੋਰ ਭਾਵਨਾਤਮਕ ਰਚਨਾਵਾਂ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਉਸ ਦੀ ਸੁਰੀਲੀ ਆਵਾਜ਼ ’ਤੇ ਦਰਸ਼ਕ ਗੀਤਾਂ ਨਾਲ-ਨਾਲ ਗਾਉਂਦੇ ਅਤੇ ਤਾਲੀਆਂ ਵਜਾਉਂਦੇ ਨਜ਼ਰ ਆਏ। ਸੰਗੀਤਕ ਸ਼ਾਮ ਦੌਰਾਨ ਖ਼ਾਸ ਕਰਕੇ ਨੌਜਵਾਨ ਵਰਗ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ, ਜਦਕਿ ਪਰਿਵਾਰਾਂ ਅਤੇ ਮਹਿਲਾਵਾਂ ਨੇ ਵੀ ਪ੍ਰੋਗਰਾਮ ਦਾ ਪੂਰਾ ਆਨੰਦ ਮਾਣਿਆ। ਪ੍ਰਭ ਗਿੱਲ ਦੀ ਸਟੇਜ ਉੱਪਰ ਮੌਜੂਦਗੀ ਅਤੇ ਦਰਸ਼ਕਾਂ ਨਾਲ ਸੰਵਾਦ ਨੇ ਪੂਰੇ ਮਾਹੌਲ ਨੂੰ ਉਤਸ਼ਾਹ ਭਰਪੂਰ ਅਤੇ ਰੋਮਾਂਚਕ ਬਣਾ ਦਿੱਤਾ। ਏਡੀਸੀ (ਵਿਕਾਸ) ਸੋਨਮ ਚੌਧਰੀ ਨੇ ਕਿਹਾ ਕਿ ਪੰਜਾਬ ਸਖੀ ਸ਼ਕਤੀ ਮੇਲੇ ਦਾ ਮਕਸਦ ਸਿਰਫ਼ ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਉੱਦਮੀ ਮਹਿਲਾਵਾਂ ਦੇ ਉਤਪਾਦਾਂ ਨੂੰ ਮੰਚ ਮੁਹੱਈਆ ਕਰਵਾਉਣਾ ਹੀ ਨਹੀਂ, ਸਗੋਂ ਪੰਜਾਬੀ ਸਭਿਆਚਾਰ ਅਤੇ ਲੋਕ ਕਲਾ ਨੂੰ ਉਭਾਰਨਾ ਵੀ ਹੈ, ਜਿਸਨੂੰ ਇਹ ਸੱਭਿਆਚਾਰਕ ਪ੍ਰੋਗਰਾਮ ਸਫ਼ਲਤਾਪੂਰਵਕ ਅੱਗੇ ਵਧਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਖੀ ਸ਼ਕਤੀ ਮੇਲਾ 10 ਫਰਵਰੀ ਤੱਕ ਜਾਰੀ ਰਹੇਗਾ, ਜਿਸ ਦੌਰਾਨ ਹਰ ਸ਼ਾਮ ਵੱਖ-ਵੱਖ ਪ੍ਰਸਿੱਧ ਕਲਾਕਾਰਾਂ ਵੱਲੋਂ ਸੱਭਿਆਚਾਰਕ ਅਤੇ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ, ਜਦਕਿ ਦਿਨ ਵੇਲੇ ਮਹਿਲਾਵਾਂ ਅਤੇ ਛੋਟੇ ਉੱਦਮੀਆਂ ਵੱਲੋਂ ਬਣਾਏ ਉਤਪਾਦ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਗੇ। ਇਸ ਮੌਕੇ ਸੋਨਮ ਚੌਧਰੀ (ਏਡੀਸੀ, ਪੇਂਡੂ ਵਿਕਾਸ), ਡੀਡੀਪੀਓ ਪਰਮਬੀਰ ਕੌਰ, ਪ੍ਰੋ: ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਗਾਇਕ ਪ੍ਰਭ ਗਿੱਲ ਦਾ ਸਨਮਾਨ ਵੀ ਕੀਤਾ।