ਮੁਹਾਲੀ ਕਾਰਨੀਵਲ: ਪੰਜਾਬ ਸਖੀ ਸ਼ਕਤੀ ਮੇਲੇ ’ਚ ਸੂਫ਼ੀ ਗਾਇਕੀ ਨਾਲ ਸੰਗੀਤਕ ਸ਼ਾਮ
ਮੁਹਾਲੀ ਕਾਰਨੀਵਲ: ਪੰਜਾਬ ਸਖੀ ਸ਼ਕਤੀ ਮੇਲੇ ਵਿਚ ਸੂਫ਼ੀ ਗਾਇਕੀ ਨਾਲ ਸੰਗੀਤਕ ਸ਼ਾਮ
Publish Date: Thu, 05 Feb 2026 06:33 PM (IST)
Updated Date: Thu, 05 Feb 2026 06:35 PM (IST)

ਸੁਲਤਾਨਾ ਨੂਰਾਂ ਦੀ ਰੂਹਾਨੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਮੋਹ ਲਿਆ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਕਾਰਨੀਵਲ ਅਧੀਨ ਸਰਸ ਮੇਲਾ ਗਰਾਊਂਡ, ਸੈਕਟਰ-88 ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਮੇਲੇ ਦੇ ਪ੍ਰੋਗਰਾਮ ਦੌਰਾਨ ਪ੍ਰਸਿੱਧ ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਵੱਲੋਂ ਰੂਹਾਨੀ ਅਤੇ ਮਨਮੋਹਕ ਸੂਫ਼ੀ ਅੰਦਾਜ਼ ਵਿਚ ਪੇਸ਼ਕਾਰੀ ਕਰਕੇ ਮੇਲੇ ਵਿਚ ਖ਼ਾਸ ਰੰਗ ਭਰ ਦਿੱਤਾ ਗਿਆ। ਸੂਫ਼ੀ ਕਲਾਮਾਂ ਅਤੇ ਰੂਹਾਨੀ ਸੰਗੀਤ ਨਾਲ ਸਜੀ ਇਸ ਸੱਭਿਆਚਾਰਕ ਸ਼ਾਮ ਨੇ ਦਰਸ਼ਕਾਂ ਨੂੰ ਡੂੰਘੇ ਤੌਰ ’ਤੇ ਪ੍ਰਭਾਵਿਤ ਕੀਤਾ ਅਤੇ ਪੂਰਾ ਮੇਲਾ ਸੂਫ਼ੀ ਰੰਗ ਵਿਚ ਰੰਗਿਆ ਗਿਆ। ਸੁਲਤਾਨਾ ਨੂਰਾਂ ਵੱਲੋਂ ਪੇਸ਼ ਕੀਤੀਆਂ ਰਵਾਇਤੀ ਅਤੇ ਸੂਫ਼ੀ ਰਚਨਾਵਾਂ ’ਤੇ ਦਰਸ਼ਕਾਂ ਨੇ ਖ਼ੂਬ ਤਾਲੀਆਂ ਵਜਾ ਕੇ ਸਾਥ ਦਿੱਤਾ। ਇਸ ਮੌਕੇ ਮੇਲੇ ਵਿਚ ਵੱਡੀ ਗਿਣਤੀ ’ਚ ਮੌਜੂਦ ਪਰਿਵਾਰਾਂ, ਮਹਿਲਾਵਾਂ, ਨੌਜਵਾਨਾਂ ਅਤੇ ਸਵੈ-ਸਹਾਇਤਾ ਸਮੂਹਾਂ ਦੀ ਭਾਗੀਦਾਰੀ ਨੇ ਸੱਭਿਆਚਾਰਕ ਪ੍ਰੋਗਰਾਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਸੱਭਿਆਚਾਰਕ ਪ੍ਰੋਗਰਾਮ ਪੰਜਾਬ ਦੀ ਅਮੀਰ ਵਿਰਾਸਤ, ਸਾਂਝੀ ਸੱਭਿਆਚਾਰਕ ਰੂਹ ਅਤੇ ਲੋਕ ਕਲਾ ਨੂੰ ਉਭਾਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ। ਪੰਜਾਬ ਸਖੀ ਸ਼ਕਤੀ ਮੇਲੇ ਦੌਰਾਨ ਦਿਨ ਦੇ ਸਮੇਂ ਜਿੱਥੇ ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਉੱਦਮੀ ਮਹਿਲਾਵਾਂ ਦੇ ਉਤਪਾਦਾਂ ਨੂੰ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ, ਉੱਥੇ ਸ਼ਾਮ ਦੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਮੇਲੇ ਨੂੰ ਲੋਕਪ੍ਰਿਯ ਬਣਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦਾ ਉਦੇਸ਼ ਵੀ ਸਫ਼ਲਤਾਪੂਰਵਕ ਪੂਰਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਖੀ ਸ਼ਕਤੀ ਮੇਲਾ 10 ਫਰਵਰੀ ਤੱਕ ਜਾਰੀ ਰਹੇਗਾ, ਜਿਸ ਦੌਰਾਨ ਹਰ ਸ਼ਾਮ ਵੱਖ-ਵੱਖ ਸੱਭਿਆਚਾਰਕ ਅਤੇ ਮਨੋਰੰਜਕ ਪ੍ਰੋਗਰਾਮ ਦਰਸ਼ਕਾਂ ਲਈ ਆਯੋਜਿਤ ਕੀਤੇ ਜਾਣਗੇ।