ਈਦ-ਉਲ-ਫ਼ਿਤਰ ਮੌਕੇ ਡੇਰਾਬੱਸੀ ’ਚ ਭਾਈਚਾਰੇ ਦੀ ਮਿਸਾਲ
ਵਿਧਾਇਕ ਰੰਧਾਵਾ ਨੇ ਵੱਖ-ਵੱਖ ਮਸਜਿਦਾਂ ਵਿਚ ਪਹੁੰਚ ਕੇ ਲੋਕਾਂ ਨਾਲ ਖੁਸ਼ੀਆਂ ਕੀਤੀਆਂ ਸਾਂਝੀਆਂ
Publish Date: Sat, 21 Mar 2026 05:57 PM (IST)
Updated Date: Sat, 21 Mar 2026 06:01 PM (IST)

ਵਿਧਾਇਕ ਰੰਧਾਵਾ ਨੇ ਵੱਖ-ਵੱਖ ਮਸਜਿਦਾਂ ’ਚ ਪਹੁੰਚ ਕੇ ਲੋਕਾਂ ਨਾਲ ਖੁਸ਼ੀਆਂ ਕੀਤੀਆਂ ਸਾਂਝੀਆਂ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ’ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਹਲਕੇ ਦੇ ਵੱਖ-ਵੱਖ ਖੇਤਰਾਂ ’ਚ ਪਹੁੰਚ ਕਰ ਕੇ ਲੋਕਾਂ ਨਾਲ ਈਦ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਦੌਰਾਨ ਉਹ ਮਸਜਿਦ ਜੰਨਤ ਉਲ ਫਿਰਦੋਸ, ਜਾਮਾ ਮਸਜਿਦ ਡੇਰਾਬੱਸੀ, ਪਿੰਡ ਅਮਲਾਲਾ, ਕਾਰਕੋਰ, ਬਰੌਲੀ ਅਤੇ ਅਮਲਾਲਾ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਨਮਾਜ਼ ਅਦਾ ਕਰਨ ਆਏ ਸਮੂਹ ਨਮਾਜ਼ੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨਾਲ ਮਿਲ ਕੇ ਈਦ ਦੀ ਖੁਸ਼ੀ ਮਨਾਈ। ਇਸ ਮੌਕੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਈਦ ਦਾ ਇਹ ਪਵਿੱਤਰ ਤਿਉਹਾਰ ਸਾਨੂੰ ਪਿਆਰ, ਸਾਂਝ, ਸਹਿਣਸ਼ੀਲਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸਦਾ ਤੋਂ ਹੀ ਵੱਖ-ਵੱਖ ਧਰਮਾਂ ਅਤੇ ਕੌਮਾਂ ਦੇ ਲੋਕਾਂ ਨੂੰ ਇਕੱਠੇ ਲੈ ਕੇ ਚੱਲਣ ਦੀ ਮਿਸਾਲ ਰਹੀ ਹੈ ਅਤੇ ਅਜਿਹੇ ਤਿਉਹਾਰ ਇਸ ਏਕਤਾ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਭ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਸਮਾਜ ਵਿਚ ਪਿਆਰ ਅਤੇ ਸਦਭਾਵਨਾ ਨੂੰ ਵਧਾਉਣਾ ਚਾਹੀਦਾ ਹੈ, ਤਾਂ ਜੋ ਇਕ ਖੁਸ਼ਹਾਲ ਅਤੇ ਤਰੱਕੀਸ਼ੀਲ ਸਮਾਜ ਦਾ ਨਿਰਮਾਣ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਈਦ ਸਿਰਫ਼ ਖੁਸ਼ੀਆਂ ਦਾ ਤਿਉਹਾਰ ਹੀ ਨਹੀਂ, ਸਗੋਂ ਇਹ ਸਾਨੂੰ ਗਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦਾ ਸੰਦੇਸ਼ ਵੀ ਦਿੰਦਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਅਤੇ ਧਾਰਮਿਕ ਅਗੂ ਵੀ ਮੌਜੂਦ ਰਹੇ, ਜਿਨ੍ਹਾਂ ਨੇ ਵਿਧਾਇਕ ਦਾ ਸਵਾਗਤ ਕਰਦਿਆਂ ਉਨ੍ਹਾਂ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਲੋਕਾਂ ਵੱਲੋਂ ਵੀ ਆਪਸੀ ਭਾਈਚਾਰੇ ਅਤੇ ਸਾਂਝ ਨੂੰ ਮਜ਼ਬੂਤ ਬਣਾਉਣ ਦੀ ਪ੍ਰਤੀਬੱਧਤਾ ਜਤਾਈ ਗਈ। ਅੰਤ ਵਿਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਮੂਹ ਹਲਕਾ ਵਾਸੀਆਂ ਨੂੰ ਈਦ-ਉਲ-ਫ਼ਿਤਰ ਦੀਆਂ ਲੱਖ-ਲੱਖ ਵਧਾਈਆਂ ਦਿੰਦਿਆਂ ਸਭ ਲਈ ਸੁਖ-ਸਮ੍ਰਿੱਧੀ, ਤੰਦਰੁਸਤੀ ਅਤੇ ਖੁਸ਼ਹਾਲੀ ਦੀਆਂ ਦਿਲੋਂ ਦੁਆਵਾਂ ਕੀਤੀਆਂ।