ਵਿਧਾਇਕ ਰੰਧਾਵਾ ਨੇ ਕਮੇਟੀ ਬੈਠਕ ’ਚ ਰੱਖੇ ਹਲਕੇ ਦੇ ਮੁੱਦੇ
ਵਿਧਾਇਕ ਰੰਧਾਵਾ ਨੇ ਕਮੇਟੀ ਬੈਠਕ ਵਿਚ ਰੱਖੇ ਹਲਕੇ ਦੇ ਮੁੱਦੇ, ਪੇਂਡੂ ਵਿਕਾਸ ਨੂੰ ਲੈ ਕੇ ਸਰਕਾਰ ਐਕਸ਼ਨ ਮੋਡ ’ਚ
Publish Date: Thu, 05 Feb 2026 07:13 PM (IST)
Updated Date: Thu, 05 Feb 2026 07:17 PM (IST)

ਪੇਂਡੂ ਵਿਕਾਸ ਨੂੰ ਲੈ ਕੇ ਸਰਕਾਰ ਐਕਸ਼ਨ ਮੋਡ ’ਚ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਪੇਂਡੂ ਵਿਕਾਸ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦੇ ਉਦੇਸ਼ ਨਾਲ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਮੇਟੀ ਦੀ ਇਕ ਵਿਸ਼ੇਸ਼ ਅਤੇ ਅਹਿਮ ਬੈਠਕ ਵਿਚ ਸ਼ਮੂਲੀਅਤ ਕੀਤੀ ਗਈ। ਇਸ ਬੈਠਕ ਦੀ ਅਗਵਾਈ ਕਮੇਟੀ ਦੇ ਚੇਅਰਮੈਨ ਅਤੇ ਬੁਢਲਾਡਾ ਤੋਂ ਵਿਧਾਇਕ ਬੁੱਧ ਰਾਮ ਨੇ ਕੀਤੀ। ਬੈਠਕ ਦੌਰਾਨ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ, ਜਿਨ੍ਹਾਂ ਨਾਲ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਵਿਭਾਗ, ਪੰਜਾਬ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਹਿਤੈਸ਼ੀ ਯੋਜਨਾਵਾਂ ਦੀ ਪ੍ਰਗਤੀ ਬਾਰੇ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਇਸ ਮੌਕੇ ਡੇਰਾਬੱਸੀ ਵਿਧਾਨ ਸਭਾ ਹਲਕੇ ਅੰਦਰ ਚਲ ਰਹੀਆਂ ਸਮਾਰਟ ਵਿਲੇਜ ਸਕੀਮ, ਪੰਜਾਬ ਸਟੇਟ ਰੂਰਲ ਲਿਵਲੀਹੁੱਡ ਮਿਸ਼ਨ ਅਧੀਨ ਸੈਲਫ ਹੈਲਪ ਗਰੁੱਪ ਸਕੀਮਾਂ ਅਤੇ ਮਨਰੇਗਾ ਤਹਿਤ ਪਿੰਡਾਂ ਵਿਚ ਤਿਆਰ ਹੋ ਰਹੇ ਖੇਡ ਮੈਦਾਨਾਂ ਦੀ ਮੌਜੂਦਾ ਸਥਿਤੀ ’ਤੇ ਗਹਿਰਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਸ. ਰੰਧਾਵਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਵੇ ਅਤੇ ਇਨ੍ਹਾਂ ਜ਼ਮੀਨਾਂ ਨੂੰ ਪੇਂਡੂ ਲੋਕਾਂ ਦੀ ਭਲਾਈ ਅਤੇ ਵਿਕਾਸ ਕਾਰਜਾਂ ਲਈ ਵਰਤਿਆ ਜਾਵੇ। ਅੰਤ ਵਿਚ ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਡੇਰਾਬੱਸੀ ਹਲਕੇ ਦੀ ਪੇਂਡੂ ਆਬਾਦੀ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਅਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਦੇ ਭਰੋਸੇ ’ਤੇ ਖ਼ਰਾ ਉਤਰਣ ਲਈ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ।