ਵਿਧਾਇਕ ਰੰਧਾਵਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ’ਚ ਨਤਮਸਤਕ
ਵਿਧਾਇਕ ਰੰਧਾਵਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਵਿਚ ਹੋਏ ਨਤਮਸਤਕ
Publish Date: Thu, 01 Jan 2026 06:13 PM (IST)
Updated Date: Thu, 01 Jan 2026 06:14 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਲਾਲੜੂ ਸਥਿਤ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਸਰਦਾਰਪੁਰਾ ਤੋਂ ਆਰੰਭ ਹੋਏ ਵਿਸ਼ਾਲ ਨਗਰ ਕੀਰਤਨ ਵਿਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੀ ਸਮੁੱਚੀ ਟੀਮ ਨਾਲ ਸ਼ਮੂਲੀਅਤ ਕੀਤੀ ਅਤੇ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਰਾਗੀ, ਢਾਡੀ ਅਤੇ ਕੀਰਤਨੀ ਜਥਿਆਂ ਨੇ ਮਨੋਹਰ ਕੀਰਤਨ ਰਾਹੀਂ ਪੂਰਾ ਮਾਹੌਲ ਹੀ ਖ਼ਾਲਸਾਈ ਰੰਗ ਵਿਚ ਰੰਗ ਦਿੱਤਾ। ਸੰਗਤ ਨੇ ਪਾਲਕੀ ਸਾਹਿਬ ਦੇ ਪਿੱਛੇ ਚੱਲ ਕੇ ਗੁਰੂ ਜਸ ਸਰਵਣ ਕੀਤਾ। ਥਾਂ-ਥਾਂ ਸੰਗਤ ਵੱਲੋਂ ਫੁੱਲਾਂ ਦੀ ਵਰਖਾ, ਗੁਰੂ ਦੇ ਲੰਗਰ ਲਾ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ’ਚ ਸਥਾਨਕ ਸੰਗਤਾਂ ਨੇ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਲਾਲੜੂ ਮੰਡੀ ਦੀਆਂ ਗਲੀਆਂ ਵਿਚੋਂ ਲੰਘਦਾ ਹੋਇਆ ਨਗਰ ਕੀਰਤਨ ਵੇਖਣਯੋਗ ਸੀ। ਇਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਿਰੋਪਾਓ ਦੇ ਕੇ ਸਵਾਗਤ ਕੀਤਾ ਅਤੇ ਇਸ ਪਵਿੱਤਰ ਮੌਕੇ ਤੇ ਸੰਗਤ ਨੂੰ ਵਧਾਈ ਦਿੱਤੀ। ਰੰਧਾਵਾ ਨੇ ਸਾਰਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਅਤੇ ਸਮਾਜ ਵਿਚ ਪਿਆਰ, ਦਇਆ ਅਤੇ ਸਦਭਾਵਨਾ ਫੈਲਾਉਣ ਦੀ ਅਪੀਲ ਵੀ ਕੀਤੀ। ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਸਰਦਾਰਪੁਰਾ ਵਿਖੇ ਵਿਸ਼ੇਸ਼ ਅਰਦਾਸ ਸਮਾਗਮ ਨਾਲ ਹੋਈ, ਜਿੱਥੇ ਸੰਗਤਾਂ ਨੇ ਸਰਬੱਤ ਦੇ ਭਲੇ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।