ਵਿਸਾਖੀ ਮੌਕੇ ਵਿਧਾਇਕ ਰੰਧਾਵਾ ਗੁਰਦੁਆਰਿਆਂ ’ਚ ਨਤਮਸਤਕ ਹੋਏ
ਵਿਸਾਖੀ ਦੇ ਪਵਿੱਤਰ ਮੌਕੇ ’ਤੇ ਵਿਧਾਇਕ ਰੰਧਾਵਾ ਗੁਰਦੁਆਰਿਆਂ ’ਚ ਨਤਮਸਤਕ ਹੋਏ, ਸੰਗਤ ਨਾਲ ਖੁਸ਼ੀਆਂ ਸਾਂਝੀਆਂ
Publish Date: Tue, 14 Apr 2026 06:22 PM (IST)
Updated Date: Wed, 15 Apr 2026 04:09 AM (IST)
ਸੰਗਤ ਨਾਲ ਖੁਸ਼ੀਆਂ ਸਾਂਝੀਆਂ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਿਸਾਖੀ ਦੇ ਪਵਿੱਤਰ ਮੌਕੇ ’ਤੇ ਡੇਰਾਬੱਸੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਅਨਾਜ ਮੰਡੀ ਅਤੇ ਗੁਰਦੁਆਰਾ ਦਿਹਾਤੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਨਤਮਸਤਕ ਹੋਏ ਅਤੇ ਸਮੂਹ ਸੰਗਤ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਵਿਚ ਹਾਜ਼ਰੀ ਭਰਕੇ ਅਰਦਾਸ ਕੀਤੀ ਅਤੇ ਇਲਾਕੇ ਦੀ ਚੜ੍ਹਦੀ ਕਲਾ, ਅਮਨ-ਸ਼ਾਂਤੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਵਾਹਿਗੁਰੂ ਅੱਗੇ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਸਾਨੂੰ ਸਦਾ ਸੱਚਾਈ, ਸੇਵਾ ਅਤੇ ਸਿਮਰਨ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਹਨ। ਵਿਧਾਇਕ ਰੰਧਾਵਾ ਨੇ ਸੰਗਤ ਨੂੰ ਵਿਸਾਖੀ ਦੀਆਂ ਦਿਲੋਂ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਮਿਲ-ਜੁਲ ਕੇ ਰਹਿਣ, ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਆਓ ਅਸੀਂ ਸਭ ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ ’ਤੇ ਚੱਲਦੇ ਹੋਏ ਇਕ ਸੁਖੀ, ਖੁਸ਼ਹਾਲ ਅਤੇ ਇਕਜੁੱਟ ਸਮਾਜ ਦੀ ਰਚਨਾ ਕਰੀਏ। ਇਸ ਮੌਕੇ ਇਲਾਕੇ ਦੇ ਪ੍ਰਮੁੱਖ ਆਗੂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।