ਕੌਂਸਲ ਲਾਲੜੂ ’ਚ ਦੋ ਟਿਊਬਵੈੱਲ ਲਾਉਣ ਦੇ ਪ੍ਰਾਜੈਕਟਾਂ ਦੀ ਸ਼ੂਰੂਆਤ
ਵਿਧਾਇਕ ਰੰਧਾਵਾ ਵੱਲੋਂ ਕੌਂਸਲ ਲਾਲੜੂ ਵਿਚ ਦੋ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟਾਂ ਦੀ ਸ਼ੂਰੂਆਤ,
Publish Date: Fri, 02 Jan 2026 05:49 PM (IST)
Updated Date: Fri, 02 Jan 2026 05:50 PM (IST)

5.93 ਕਿਲੋਮੀਟਰ ਲੰਬੀ ਪਾਈਪਲਾਈਨ ਵੀ ਪ੍ਰਾਜੈਕਟ ਦਾ ਹਿੱਸਾ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਨਵੇਂ ਸਾਲ ਮੌਕੇ ਨਗਰ ਕੌਂਸਲ ਲਾਲੜੂ ਅਧੀਨ ਜਲ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਲਾਗੂ ਕੀਤੇ ਜਾ ਰਹੇ ਮਹੱਤਵਪੂਰਨ ਪਾਣੀ ਸਪਲਾਈ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਇਸ ਪ੍ਰਾਜੈਕਟ ਦੀ ਕੁੱਲ ਲਾਗਤ ਦੋ ਕਰੋੜ 70 ਲੱਖ 89 ਹਜ਼ਾਰ ਰੁਪਏ ਮਨਜ਼ੂਰ ਕੀਤੀ ਗਈ ਹੈ, ਜਿਸ ਦਾ ਮਕਸਦ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਹੂਲਤ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਇਸ ਮੌਕੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਹਲਕੇ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਵਿਧਾਇਕ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਦੋ ਨਵੇਂ ਟਿਊਬਵੈੱਲ ਲਾਏ ਜਾਣਗੇ, ਜਿਨ੍ਹਾਂ ਦੀ ਅੰਦਾਜ਼ਨ ਲਾਗਤ 40-40 ਲੱਖ ਰੁਪਏ ਹੈ। ਇਸ ਤਰ੍ਹਾਂ ਦੋਹਾਂ ਟਿਊਬਵੈੱਲਾਂ ’ਤੇ ਕੁੱਲ 80 ਲੱਖ ਰੁਪਏ ਖਰਚ ਆਵੇਗਾ। ਪਹਿਲਾ ਟਿਊਬਵੈੱਲ ਅਨਾਜ ਮੰਡੀ, ਸਰਦਾਰਪੁਰਾ (ਵਾਰਡ ਨੰ. 4), ਲਾਲੜੂ ਵਿਖੇ ਅਤੇ ਦੂਜਾ ਟਿਊਬਵੈੱਲ ਆਲਮਗੀਰ (ਵਾਰਡ ਨੰ. 9) ਵਿਚ ਲਾਇਆ ਜਾਵੇਗਾ, ਜਿਸ ਨਾਲ ਇਲਾਕੇ ਵਿਚ ਪਾਣੀ ਦੀ ਉਪਲੱਬਧਤਾ ਵਿਚ ਵੱਡਾ ਸੁਧਾਰ ਆਵੇਗਾ। ਇਸ ਤੋਂ ਇਲਾਵਾ ਪਾਣੀ ਦੀ ਸੁਚੱਜੀ ਵੰਡ ਨੂੰ ਯਕੀਨੀ ਬਣਾਉਣ ਲਈ 5.93 ਕਿਲੋਮੀਟਰ ਲੰਬੀ ਪਾਣੀ ਸਪਲਾਈ ਪਾਈਪ ਲਾਈਨ ਵਿਛਾਈ ਜਾਵੇਗੀ, ਜਿਸ ਦੀ ਅੰਦਾਜ਼ਨ ਲਾਗਤ 190.89 ਲੱਖ ਰੁਪਏ ਹੈ। ਸ. ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬੁਨਿਆਦੀ ਨਾਗਰਿਕ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਸਾਫ਼ ਤੇ ਨਿਰੰਤਰ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਲਾਲੜੂ ਵਿਚ ਲੰਮੇ ਸਮੇਂ ਤੋਂ ਚੱਲ ਰਹੀਆਂ ਪਾਣੀ ਸਬੰਧੀ ਸਮੱਸਿਆਵਾਂ ਦਾ ਹੱਲ ਕਰਨ ਵਿਚ ਮਦਦਗਾਰ ਸਾਬਤ ਹੋਵੇਗਾ ਅਤੇ ਸ਼ਹਿਰੀ ਵਿਕਾਸ ਨੂੰ ਨਵੀਂ ਰਫ਼ਤਾਰ ਦੇਵੇਗਾ। ਪ੍ਰੋਜੈਕਟ ਦੀ ਸ਼ੁਰੂਆਤ ਸਮੇਂ ਨਗਰ ਕੌਂਸਲ ਪ੍ਰਧਾਨ ਸਤੀਸ਼ ਰਾਣਾ, ਪਾਰਟੀ ਦੇ ਬਲਾਕ ਪ੍ਰਧਾਨ, ਕੌਂਸਲਰ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਸਮੇਤ ਪਾਰਟੀ ਦੀ ਸਮੁੱਚੀ ਟੀਮ ਤੇ ਸਥਾਨਕ ਵਾਰਡ ਵਾਸੀ ਵੀ ਮੌਜੂਦ ਸਨ।