ਵਿਧਾਇਕ ਰੰਧਾਵਾ ਨੇ ਸਿਵਲ ਪਸ਼ੂ ਹਸਪਤਾਲ ਦੀ ਉਸਾਰੀ ਸ਼ੁਰੂ ਕਰਵਾਈ
ਵਿਧਾਇਕ ਰੰਧਾਵਾ ਨੇ ਸਿਵਲ ਪਸ਼ੂ ਹਸਪਤਾਲ ਦੀ ਉਸਾਰੀ ਸ਼ੁਰੂ ਕਰਵਾਈ, 1961 ਤੋਂ ਬਾਅਦ ਹੁਣ ਬਣੇਗੀ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ
Publish Date: Thu, 05 Mar 2026 07:14 PM (IST)
Updated Date: Thu, 05 Mar 2026 07:17 PM (IST)

1961 ਤੋਂ ਬਾਅਦ ਹੁਣ ਬਣੇਗੀ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਲਾਲੜੂ ਅਤੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਅਤੇ ਪਸ਼ੂ ਪਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਲਾਲੜੂ ਸਥਿਤ ਸਿਵਲ ਵੈਟਰਨਰੀ ਹਸਪਤਾਲ ਦੀ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਲਗਭਗ 49.64 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਦੇ ਹੋਏ ਵਿਧਾਇਕ ਰੰਧਾਵਾ ਨੇ ਦੱਸਿਆ ਕਿ ਮੌਜੂਦਾ ਵੈਟਰਨਰੀ ਹਸਪਤਾਲ ਦੀ ਇਮਾਰਤ 1961 ਵਿਚ ਬਣੀ ਸੀ ਅਤੇ ਇਹ ਹਸਪਤਾਲ ਕਈ ਦਹਾਕਿਆਂ ਤੋਂ ਇਲਾਕੇ ਦੀ ਸੇਵਾ ਕਰ ਰਿਹਾ ਸੀ। ਹੁਣ ਪਿਛਲੇ ਕੁਝ ਸਮੇਂ ਤੋਂ ਇਸ ਇਮਾਰਤ ਨੂੰ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਸੀ। ਵਧਦੀ ਆਬਾਦੀ ਅਤੇ ਪਸ਼ੂ ਪਾਲਕਾਂ ਦੀਆਂ ਵੱਧ ਰਹੀਆਂ ਲੋੜਾਂ ਨੂੰ ਦੇਖਦਿਆਂ ਨਵੀਂ ਅਤੇ ਆਧੁਨਿਕ ਇਮਾਰਤ ਦਾ ਨਿਰਮਾਣ ਕਰਨਾ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਨਵੀਂ ਇਮਾਰਤ ਬਣਨ ਨਾਲ ਇਲਾਕੇ ਵਿਚ ਪਸ਼ੂ ਚਿਕਿਤਸਾ ਸੇਵਾਵਾਂ ਵਿਚ ਕਾਫ਼ੀ ਸੁਧਾਰ ਆਵੇਗਾ ਅਤੇ ਪਸ਼ੂਆਂ ਦੇ ਇਲਾਜ ਲਈ ਵਧੀਆ ਸੁਵਿਧਾਵਾਂ ਮਿਲਣਗੀਆਂ, ਕਿਉਂਕਿ ਪਸ਼ੂ ਪਾਲਣ ਪਿੰਡਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਇਕ ਮਹੱਤਵਪੂਰਨ ਸਰੋਤ ਹੈ। ਵਿਧਾਇਕ ਨੇ ਕਿਹਾ ਕਿ ਮਾਨ ਸਰਕਾਰ ਸਿਹਤ, ਸਿੱਖਿਆ, ਸੜਕ ਅਤੇ ਵੈਟਰਨਰੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਗੁਣਵੱਤਾਪੂਰਨ ਸੇਵਾਵਾਂ ਮਿਲ ਸਕਣ। ਸਥਾਨਕ ਵਸਨੀਕਾਂ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਲਈ ਪੰਜਾਬ ਸਰਕਾਰ ਅਤੇ ਵਿਧਾਇਕ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨਵੀਂ ਇਮਾਰਤ ਨਾਲ ਲਾਲੜੂ ਅਤੇ ਆਸ-ਪਾਸ ਦੇ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਵੱਡਾ ਲਾਭ ਹੋਵੇਗਾ। ਇਸ ਸਬੰਧੀ ਸਮਾਗਮ ਚ ਸੀਨੀਅਰ ਵੈਟਰਨਰੀ ਅਫ਼ਸਰ, ਨਗਰ ਕੌਂਸਲ ਪ੍ਰਧਾਨ ਸਮੇਤ ਹੋਰ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੀ ਮੌਜੂਦ ਰਹੀ।