ਵਿਧਾਇਕ ਨੇ ਬਲਟਾਣਾ ਵਾਸੀਆਂ ਦੀ ਲੰਬੇ ਸਮੇਂ ਦੀ ਮੰਗ ਕੀਤੀ ਪੂਰੀ
ਵਿਧਾਇਕ ਰੰਧਾਵਾ ਨੇ ਬਲਟਾਣਾ ਵਾਸੀਆਂ ਦੀ ਲੰਬੇ ਸਮੇਂ ਦੀ ਮੰਗ ਕੀਤੀ ਪੂਰੀ, ਪੰਚਕੂਲਾ ਨੂੰ ਜੋੜਨ ਵਾਲੀ ਸੜਕ ਦਾ ਕੰਮ ਸ਼ੁਰੂ
Publish Date: Mon, 09 Mar 2026 09:42 PM (IST)
Updated Date: Mon, 09 Mar 2026 09:45 PM (IST)

- ਪੰਚਕੂਲਾ ਨੂੰ ਜੋੜਨ ਵਾਲੀ ਸੜਕ ਦਾ ਕੰਮ ਸ਼ੁਰੂ ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਸੋਮਵਾਰ ਨੂੰ ਨਗਰ ਕੌਂਸਲ ਜ਼ੀਰਕਪੁਰ ਦੇ ਅਧੀਨ ਆਉਂਦੇ ਬਲਟਾਣਾ ਖੇਤਰ ਦੇ ਲੋਕਾਂ ਨੂੰ ਇਕ ਵੱਡੀ ਸੌਗਾਤ ਦਿੱਤੀ ਗਈ। ਵਿਧਾਇਕ ਰੰਧਾਵਾ ਨੇ ਬਲਟਾਣਾ ਮੁੱਖ ਬਾਜ਼ਾਰ ਤੋਂ ਪੰਚਕੂਲਾ ਸੈਕਟਰ-19 ਨੂੰ ਜਾਣ ਵਾਲੀ ਅਹਿਮ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਇਸ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਇਲਾਕਾ ਵਾਸੀ ਲੰਬੇ ਸਮੇਂ ਤੋਂ ਪਰੇਸ਼ਾਨ ਸਨ ਅਤੇ ਇਸ ਨੂੰ ਬਣਾਉਣ ਦੀ ਮੰਗ ਕਰ ਰਹੇ ਸਨ। ਇੰਟਰਲਾਕਿੰਗ ਟਾਈਲਾਂ ਨਾਲ ਹੋਵੇਗਾ ਨਿਰਮਾਣ : ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਰੰਧਾਵਾ ਨੇ ਦੱਸਿਆ ਕਿ ਇਹ ਸੜਕ ਇੰਟਰਲਾਕਿੰਗ ਟਾਈਲਾਂ ਨਾਲ ਤਿਆਰ ਕੀਤੀ ਜਾਵੇਗੀ, ਜਿਸ ’ਤੇ ਲਗਭਗ ਇਕ ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਹ ਮਾਰਗ ਬਲਟਾਣਾ ਅਤੇ ਪੰਚਕੂਲਾ ਦੇ ਸੰਪਰਕ ਲਈ ਬਹੁਤ ਮਹੱਤਵਪੂਰਨ ਹੈ। ਸੜਕ ਬਣਨ ਨਾਲ ਜਿੱਥੇ ਆਵਾਜਾਈ ਸੁਖਾਲੀ ਹੋਵੇਗੀ, ਉੱਥੇ ਹੀ ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਧੂੜ ਅਤੇ ਚਿੱਕੜ ਤੋਂ ਵੀ ਰਾਹਤ ਮਿਲੇਗੀ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਟੀਚਾ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਜਿਵੇਂ ਕਿ ਸਾਫ਼ ਪਾਣੀ, ਵਧੀਆ ਸੀਵਰੇਜ ਅਤੇ ਮਜ਼ਬੂਤ ਸੜਕਾਂ ਮੁਹੱਈਆ ਕਰਵਾਉਣਾ ਹੈ। ਹਲਕੇ ਵਿਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜ਼ੀਰਕਪੁਰ ਅਤੇ ਬਲਟਾਣਾ ਦੇ ਹੋਰ ਵੀ ਕਈ ਵਿਕਾਸ ਪ੍ਰਾਜੈਕਟਾਂ ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਦੇ ਜੀਵਨ ਪੱਧਰ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਇਲਾਕਾ ਵਾਸੀਆਂ ’ਚ ਖੁਸ਼ੀ ਦੀ ਲਹਿਰ : ਸੜਕ ਦਾ ਕੰਮ ਸ਼ੁਰੂ ਹੋਣ ’ਤੇ ਸਥਾਨਕ ਵਾਸੀਆਂ ਨੇ ਵਿਧਾਇਕ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੰਗ ਕਈ ਸਾਲਾਂ ਤੋਂ ਲਟਕ ਰਹੀ ਸੀ, ਜਿਸ ਨੂੰ ਹੁਣ ਅਮਲੀ ਰੂਪ ਦਿੱਤਾ ਗਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ, ਨਗਰ ਕੌਂਸਲ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਵਰਕਰ ਆਦਿ ਮੌਜੂਦ ਸਨ।