ਲਾਲੜੂ ਖੇਤਰ ਦੀਆਂ ਮਸਜਿਦਾਂ ’ਚ ਵਿਧਾਇਕ ਰੰਧਾਵਾ ਨੇ ਭਰੀ ਹਾਜ਼ਰੀ, ਈਦ ਮੌਕੇ ਭਾਈਚਾਰੇ ਦਾ ਦਿੱਤਾ ਸੰਦੇਸ਼
ਲਾਲੜੂ ਖੇਤਰ ਦੀਆਂ ਮਸਜਿਦਾਂ ਵਿਚ ਵਿਧਾਇਕ ਰੰਧਾਵਾ ਨੇ ਭਰੀ ਹਾਜ਼ਰੀ
Publish Date: Sat, 21 Mar 2026 05:13 PM (IST)
Updated Date: Sat, 21 Mar 2026 05:16 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਈਦ-ਉਲ-ਫ਼ਿਤਰ ਦੇ ਮੁਬਾਰਕ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਾਲੜੂ ਖੇਤਰ ਦੇ ਵੱਖ-ਵੱਖ ਪਿੰਡਾਂ ’ਚ ਪਹੁੰਚ ਕਰ ਕੇ ਲੋਕਾਂ ਨਾਲ ਈਦ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਨੇ ਹਸਨਪੁਰ, ਦੱਪਰ ਅਤੇ ਲਾਲੜੂ ਮੰਡੀ ਦੀ ਮਸਜਿਦ ਵਿਖੇ ਹਾਜ਼ਰੀ ਲਗਵਾ ਕੇ ਨਮਾਜ਼ ਅਦਾ ਕਰਨ ਆਏ ਸਮੂਹ ਨਮਾਜ਼ੀਆਂ ਨੂੰ ਦਿਲੋਂ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਈਦ ਦਾ ਇਹ ਪਵਿੱਤਰ ਤਿਉਹਾਰ ਸਾਨੂੰ ਪਿਆਰ, ਸਹਿਣਸ਼ੀਲਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਮਾਜ ਵਿਚ ਏਕਤਾ ਅਤੇ ਸਾਂਝ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਸਾਨੂੰ ਮਿਲਜੁੱਲ ਕੇ ਰਹਿਣ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਭ ਨੂੰ ਇਕ-ਦੂਜੇ ਦੀ ਖੁਸ਼ੀ ਵਿਚ ਸਾਂਝ ਪਾਉਣੀ ਚਾਹੀਦੀ ਹੈ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਕੇ ਸਮਾਜ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਅਤੇ ਨਮਾਜੀ ਮੌਜੂਦ ਰਹੇ, ਜਿਨ੍ਹਾਂ ਨੇ ਵਿਧਾਇਕ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਅੰਤ ਵਿਚ ਵਿਧਾਇਕ ਰੰਧਾਵਾ ਨੇ ਸਮੂਹ ਇਲਾਕਾ ਵਾਸੀਆਂ ਨੂੰ ਈਦ-ਉਲ-ਫ਼ਿਤਰ ਦੀਆਂ ਦਿਲੋਂ ਮੁਬਾਰਕਾਂ ਦਿੰਦਿਆਂ ਸਭ ਲਈ ਸੁਖ-ਸਾਂਦ, ਤੰਦਰੁਸਤੀ ਅਤੇ ਖੁਸ਼ਹਾਲੀ ਦੀਆਂ ਦੁਆਵਾਂ ਕੀਤੀਆਂ।