ਵਿਧਾਇਕ ਨੇ ਰੀਅਲ ਅਸਟੇਟ ਪ੍ਰਾਜੈਕਟ ’ਚ ਨਿਯਮਾਂ ਦੀ ਉਲੰਘਣਾ ਦਾ ਮੁੱਦਾ ਚੁੱਕਿਆ
ਵਿਧਾਇਕ ਕੁਲਵੰਤ ਸਿੰਘ ਨੇ ਕਨਵੀਨੀਐੱਸ ਦੁਕਾਨਾਂ ਦੀ ਚਾਰ ਦੀਵਾਰੀ ਦਾ ਚੁੱਕਿਆ ਮੁੱਦਾ
Publish Date: Mon, 09 Mar 2026 06:56 PM (IST)
Updated Date: Mon, 09 Mar 2026 07:00 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ
ਐੱਸਏਐੱਸ ਨਗਰ : ਪੰਜਾਬ ਵਿਧਾਨ ਸਭਾ ਵਿਚ ਸੋਮਵਾਰ ਨੂੰ ਰੀਅਲ ਅਸਟੇਟ ਪ੍ਰਾਜੈਕਟਾਂ ਵਿਚ ਨਿਯਮਾਂ ਦੀ ਉਲੰਘਣਾ ਦਾ ਮੁੱਦਾ ਚੁੱਕਿਆ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਗਮਾਡਾ ਵੱਲੋਂ ਨਿਲਾਮੀ ਰਾਹੀਂ ਵੇਚੀਆਂ ਗਈਆਂ ਗਰੁੱਪ ਹਾਊਸਿੰਗ ਸਾਈਟਾਂ ਵਿਚੋਂ ਦੋ ਪ੍ਰਾਜੈਕਟਾਂ ਦੇ ਪ੍ਰਮੋਟਰਾਂ ਨੇ ਸੜਕ ਦੇ ਬਰਮਾਂ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜਦੋਂ ਇਹ ਮੁੱਦਾ ਚੁੱਕਿਆ ਤਾਂ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਜਵਾਬ ਦਿੱਤਾ ਕਿ ਸਬੰਧਿਤ ਬਿਲਡਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਵਿਧਾਇਕ ਕੁਲਵੰਤ ਸਿੰਘ ਨੇ ਪੁੱਛਿਆ ਸੀ ਕਿ ਪਿਛਲੇ 10 ਸਾਲਾ ਦੌਰਾਨ ਨਿਲਾਮੀ ਰਾਹੀਂ ਵੇਚੀਆਂ ਗਈਆਂ ਗਰੁੱਪ ਹਾਊਸਿੰਗ ਸਾਈਟਾਂ ਵਿਚੋਂ ਕਿੰਨੇ ਪ੍ਰਾਜੈਕਟ ਅਜਿਹੇ ਹਨ, ਜਿਨ੍ਹਾਂ ਵਿਚ ਪ੍ਰਮੋਟਰਾਂ ਨੇ ਸਹੂਲਤਾਂ ਵਾਲੀਆਂ ਦੁਕਾਨਾਂ ਨੂੰ ਚਾਰਦੀਵਾਰੀ ਦੇ ਅੰਦਰ ਰੱਖਣ ਦੀ ਬਜਾਏ ਮੁੱਖ ਸੜਕ ਵੱਲ ਕੱਢਿਆ ਹੈ ਅਤੇ ਸੜਕ ਦੇ ਕਿਨਾਰਿਆਂ ’ਤੇ ਨਾਜਾਇਜ਼ ਕਬਜ਼ਾ ਕੀਤਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਪੁੱਛਿਆ ਕਿ ਇਸ ਮਾਮਲੇ ’ਚ ਹੁਣ ਤਕ ਕੀ ਕਾਰਵਾਈ ਹੋਈ ਹੈ। ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਪਿਛਲੇ 10 ਸਾਲਾ ਵਿਚ ਕੁੱਲ 10 ਗਰੁੱਪ ਹਾਊਸਿੰਗ ਸਾਈਟਾਂ ਦੀ ਨਿਲਾਮੀ ਕੀਤੀ ਗਈ ਸੀ। ਜਾਂਚ ਵਿਚ ਪਾਇਆ ਗਿਆ ਕਿ ਦੋ ਅਲਾਟੀਆਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜੇਐੱਮਟੀ ਹਾਊਸਿੰਗ ਪ੍ਰਾਈਵੇਟ ਲਿਮਟਿਡ (ਸੈਕਟਰ-82), ਐੱਸਏ ਗਲੋਬਲ ਪ੍ਰਾਈਵੇਟ ਲਿਮਟਿਡ (ਸੈਕਟਰ-77) ਇਨ੍ਹਾਂ ਬਿਲਡਰਾਂ ਨੇ ਸੜਕ ਦੇ ਬਰਮਾਂ ’ਤੇ ਨਾਜਾਇਜ਼ ਕਬਜ਼ਾ ਕੀਤਾ ਹੈ, ਜਿਸ ਲਈ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।