ਸੜਕ ’ਤੇ ਜ਼ਖ਼ਮੀ ਹਾਲਤ ’ਚ ਮਿਲਿਆ ਪ੍ਰਵਾਸੀ ਵਿਅਕਤੀ
ਸੜਕ ’ਤੇ ਜ਼ਖ਼ਮੀ ਹਾਲਤ ਵਿਚ ਮਿਲਿਆ ਪਰਵਾਸੀ ਵਿਅਕਤੀ
Publish Date: Mon, 09 Mar 2026 08:54 PM (IST)
Updated Date: Mon, 09 Mar 2026 08:57 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮੁਬਾਰਕਪੁਰ ਸੜਕ ’ਤੇ ਪੀਸੀਸੀਪੀਐੱਲ ਫੈਕਟਰੀ ਨੇੜੇ ਇਕ ਪ੍ਰਵਾਸੀ ਵਿਅਕਤੀ ਦੇ ਜ਼ਖ਼ਮੀ ਹਾਲਤ ਵਿਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਇੱਕਤਰ ਹੋਏ ਰਾਹਗੀਰਾਂ ਨੇ ਜ਼ਖ਼ਮੀ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਿਆ। ਜ਼ਖ਼ਮੀ ਦੀ ਹਾਲਤ ਨਾਜ਼ੁਕ ਵੇਖਦੇ ਉਸ ਨੂੰ ਚੰਡੀਗੜ੍ਹ ਸੈਕਟਰ 32 ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਰਾਹਗੀਰਾਂ ਨੇ ਦੱਸਿਆ ਕਿ ਸੜਕ ਕਿਨਾਰੇ ਇਕ ਵਿਅਕਤੀ ਜ਼ਖ਼ਮੀ ਹਾਲਤ ਵਿਚ ਪਿਆ ਸੀ। ਉਸ ਦੇ ਨਾਲ ਇਕ ਹੋਰ ਵਿਅਕਤੀ ਬੈਠਾ ਸੀ, ਜਿਸ ਨੇ ਸ਼ਰਾਬ ਪੀਤੀ ਹੋਈ ਸੀ। ਜ਼ਖ਼ਮੀ ਵਿਅਕਤੀ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਹ ਕੁਝ ਦੱਸਣ ਵਿਚ ਅਸਮਰਥ ਸੀ। ਉਸੇ ਥਾਂ ਨੇੜੇ ਇਕ ਵੱਡਾ ਪੱਥਰ ਵੀ ਪਿਆ ਸੀ, ਜਿਸ ’ਤੇ ਖ਼ੂਨ ਲੱਗਿਆ ਹੋਇਆ ਸੀ। ਰਾਹਗੀਰਾਂ ਨੇ ਦੱਸਿਆ ਕਿ ਮੌਕੇ ਦੇ ਹਾਲਾਤ ਵੇਖ ਕੇ ਜਾਪਦਾ ਹੈ ਕਿ ਮੌਕੇ ’ਤੇ ਬੈਠੇ ਵਿਅਕਤੀ ਨੇ ਪੱਥਰ ਨਾਲ ਹਮਲਾ ਕਰ ਕੇ ਪ੍ਰਵਾਸੀ ਨੂੰ ਜ਼ਖ਼ਮੀ ਕੀਤਾ ਹੈ। ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਜ਼ਖ਼ਮੀ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ। ਮੌਕੇ ’ਤੇ ਮੌਜੂਦ ਵਿਅਕਤੀ ਮੁਤਾਬਿਕ ਜ਼ਖ਼ਮੀ ਵਿਅਕਤੀ ਦੇ ਸਾਥੀ ਉਸ ਦਾ ਮੋਬਾਈਲ ਖੋਹ ਕੇ ਲੈ ਗਏ ਸਨ। ਜ਼ਖ਼ਮੀ ਵਿਅਕਤੀ ਡਿੱਗਣ ਕਰ ਕੇ ਜ਼ਖ਼ਮੀ ਹੋਇਆ ਹੈ। ਪਰ ਮੌਕੇ ਦੇ ਹਾਲਾਤ ਵੇਖ ਅਜਿਹਾ ਨਹੀਂ ਜਾਪਦਾ ਕਿ ਡਿੱਗਣ ਕਰ ਕੇ ਪ੍ਰਵਾਸੀ ਜ਼ਖ਼ਮੀ ਹੋਇਆ ਹੈ। ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।