ਦਿਮਾਗੀ ਤੌਰ 'ਤੇ ਪਰੇਸ਼ਾਨ ਵਿਅਕਤੀ ਨੇ ਦੁਕਾਨਾਂ ਨੂੰ ਲਾਈ ਅੱਗ ; ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਦਿਮਾਗੀ ਤੌਰ 'ਤੇ ਪਰੇਸ਼ਾਨ ਵਿਅਕਤੀ ਨੇ ਦੁਕਾਨਾਂ ਨੂੰ ਲਾਈ ਅੱਗ ; ਲੱਖਾਂ ਦਾ ਸਾਮਾਨ ਸੜ ਕੇ ਸੁਆਹ
Publish Date: Mon, 08 Jun 2026 11:00 PM (IST)
Updated Date: Mon, 08 Jun 2026 11:02 PM (IST)

ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਰਾਏਪੁਰ ਖੁਰਦ ਦੇ ਨੇੜੇ ਵੇਵ ਅਸਟੇਟ ਦੇ ਨਜ਼ਦੀਕ ਦੇਰ ਰਾਤ ਇਕ ਵਿਅਕਤੀ ਵੱਲੋਂ ਦੋ ਦੁਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਜਿਸ ਕਾਰਨ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਭਾਰੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ, ਪਰ ਉਦੋਂ ਤੱਕ ਦੁਕਾਨਾਂ ਅੰਦਰ ਪਿਆ ਸਾਮਾਨ ਕਾਫ਼ੀ ਹੱਦ ਤੱਕ ਸੜ ਚੁਕਿਆ ਸੀ। ਰੋਜ਼ਾਨਾ ਵਾਂਗ ਦੁਕਾਨਾਂ ਬੰਦ ਕਰਕੇ ਗਏ ਸਨ ਮਾਲਕ : ਜਾਣਕਾਰੀ ਅਨੁਸਾਰ, ਸੈਕਟਰ 80 ਅਤੇ 85 ਦੀ ਮੁੱਖ ਸੜਕ ਤੋਂ ਰਾਏਪੁਰ ਖੁਰਦ ਨੂੰ ਜਾਣ ਵਾਲੀ ਲਿੰਕ ਰੋਡ ਤੇ ਰਾਜ ਕੁਮਾਰ ਵਾਸੀ ਮੌਲੀ ਬੈਦਵਾਣ ਦੀ ਗੱਡੀਆਂ ਨੂੰ ਪੈਂਚਰ ਲਗਾਉਣ ਦੀ ਦੁਕਾਨ ਹੈ ਅਤੇ ਇਸ ਦੇ ਨਾਲ ਹੀ ਮਦਨ ਕੁਮਾਰ ਵਾਸੀ ਰਾਏਪੁਰ ਖੁਰਦ ਦੀ ਕਬਾੜ ਦੀ ਦੁਕਾਨ ਹੈ। ਦੋਵਾਂ ਪੀੜਤਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਚਲੇ ਗਏ ਸਨ। ਦੇਰ ਰਾਤ ਉਨ੍ਹਾਂ ਨੂੰ ਕਿਸੇ ਦਾ ਫ਼ੋਨ ਆਇਆ ਕਿ ਉਨ੍ਹਾਂ ਦੀਆਂ ਦੁਕਾਨਾਂ ਵਿਚ ਭਿਆਨਕ ਅੱਗ ਲੱਗ ਚੁੱਕੀ ਹੈ। ਨਵੇਂ ਖ਼ਰੀਦੇ ਟਾਇਰ ਅਤੇ ਕੰਪ੍ਰੈਸ਼ਰ ਸੜੇ, 2 ਲੱਖ ਤੋਂ ਵੱਧ ਦਾ ਨੁਕਸਾਨ : ਪੀੜਤ ਰਾਜ ਕੁਮਾਰ ਨੇ ਦੱਸਿਆ ਕਿ ਉਸਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਜਮ੍ਹਾਂ ਪੂੰਜੀ ਲਗਾ ਕੇ ਗੱਡੀਆਂ ਦੇ ਪੈਂਚਰ ਦਾ ਨਵਾਂ ਕੰਮ ਸ਼ੁਰੂ ਕੀਤਾ ਸੀ। ਦੁਕਾਨ ਦੇ ਅੰਦਰ ਗਾਹਕਾਂ ਲਈ ਰੱਖੇ ਨਵੇਂ ਟਾਇਰ, ਟਿਊਬਾਂ ਅਤੇ ਹਵਾ ਭਰਨ ਵਾਲਾ ਮਹਿੰਗਾ ਕੰਪ੍ਰੈਸ਼ਰ ਰੱਖਿਆ ਹੋਇਆ ਸੀ। ਅੱਗ ਦੀਆਂ ਤੇਜ਼ ਲਪੇਟਾਂ ਵਿਚ ਕਾਰਨ ਇਹ ਸਾਰਾ ਸਾਮਾਨ ਬੁਰੀ ਤਰ੍ਹਾਂ ਸੜ ਗਿਆ, ਜਿਸ ਨਾਲ ਉਸਦਾ ਕਰੀਬ 2 ਲੱਖ ਰੁਪਏ ਦਾ ਸਿੱਧਾ ਨੁਕਸਾਨ ਹੋਇਆ ਹੈ। ਦੂਜੇ ਪਾਸੇ, ਮਦਨ ਕੁਮਾਰ ਦੀ ਕਬਾੜ ਦੀ ਦੁਕਾਨ ਵਿਚ ਪਿਆ ਸਾਮਾਨ ਵੀ ਅੱਗ ਦੀ ਭੇਟ ਚੜ੍ਹ ਗਿਆ, ਜਿਸ ਨਾਲ ਉਸਨੂੰ ਵੀ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਦਿਮਾਗੀ ਤੌਰ ਤੇ ਅਸਥਿਰ ਵਿਅਕਤੀ ਤੇ ਅੱਗ ਲਗਾਉਣ ਦੇ ਦੋਸ਼ : ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਰਾਏਪੁਰ ਖੁਰਦ ਪਿੰਡ ਦੇ ਨੇੜੇ ਘੁੰਮਣ ਵਾਲਾ ਇਕ ਵਿਅਕਤੀ, ਜੋ ਕਿ ਦਿਮਾਗੀ ਤੌਰ ’ਤੇ ਠੀਕ ਨਹੀਂ ਹੈ, ਪਹਿਲਾਂ ਵੀ ਕਈ ਵਾਰ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਦਾ ਨੁਕਸਾਨ ਕਰ ਚੁੱਕਾ ਹੈ। ਉਕਤ ਵਿਅਕਤੀ ਨੇ ਹੀ ਦੇਰ ਰਾਤ ਉਕਤ ਦੁਕਾਨਾਂ ਨੂੰ ਅੱਗ ਲਗਾਈ ਹੈ। ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਦੁਕਾਨਦਾਰਾਂ ਨੇ ਲਗਾਈ ਗੁਹਾਰ : ਪੀੜਤ ਮਦਨ ਕੁਮਾਰ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਸਥਾਨਕ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਪਰ ਪੁਲਿਸ ਨੇ ਉਕਤ ਵਿਅਕਤੀ ਨੂੰ ਇਹ ਕਹਿ ਕੇ ਛੱਡ ਦਿੱਤਾ ਕਿ ਉਹ ਦਿਮਾਗੀ ਤੌਰ ’ਤੇ ਬਿਮਾਰ ਹੈ ਅਤੇ ਉਸ ਤੇ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ। ਪੀੜਤਾਂ ਨੇ ਸਵਾਲ ਉਠਾਇਆ ਕਿ ਜੇਕਰ ਉਹ ਬਿਮਾਰ ਹੈ, ਤਾਂ ਉਨ੍ਹਾਂ ਦੇ ਹੋਏ ਲੱਖਾਂ ਰੁਪਏ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ? ਉਨ੍ਹਾਂ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਰੁਜ਼ਗਾਰ ਨੂੰ ਦੇਖਦਿਆਂ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਉਸ ਵਿਅਕਤੀ ਨੂੰ ਕਿਸੇ ਮਾਨਸਿਕ ਰੋਗਾਂ ਦੇ ਹਸਪਤਾਲ ਜਾਂ ਅਨਾਥ ਆਸ਼ਰਮ ਵਿਚ ਭੇਜਿਆ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ।