ਸੁਸਾਇਟੀਆਂ ਵਿਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਚਾਰਾਂ
ਸੁਸਾਇਟੀਆਂ ਵਿਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਬੈਠਕ ਆਯੋਜਿਤ
Publish Date: Sun, 18 Jan 2026 06:40 PM (IST)
Updated Date: Sun, 18 Jan 2026 06:43 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਖੇਤਰ ਦੇ ਜੀਬੀਪੀ ਖੇਤਰ ’ਚ ਸਥਿਤ ਵੱਖ-ਵੱਖ ਰਿਹਾਇਸ਼ੀ ਸੁਸਾਇਟੀਆਂ ਵਿਚ ਆਮ ਸਹੂਲਤਾਂ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਉਦੇਸ਼ ਨਾਲ ਆਮ ਆਦਮੀ ਪਾਰਟੀ ਵੱਲੋਂ ਜੀਬੀਪੀ ਇਕੋ ਗ੍ਰੀਨ ਵਨ ਵਿਖੇ ਇਕ ਮਹੱਤਵਪੂਰਨ ਵਾਰਡ ਬੈਠਕ ਕੀਤੀ ਗਈ। ਇਹ ਬੈਠਕ ਸਥਾਨਕ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਰਹਿਨੁਮਾਈ ਅਤੇ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਆਸ਼ੂ ਉਪਨੇਜਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਜੇ ਕੁਮਾਰ ਦੀ ਅਗਵਾਈ ਵਿਚ ਸੰਪੰਨ ਹੋਈ। ਇਸ ਬੈਠਕ ਦਾ ਮੁੱਖ ਮਕਸਦ ਵੱਖ-ਵੱਖ ਸੁਸਾਇਟੀਆਂ ’ਚ ਲੰਮੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਦੀ ਸਮੀਖਿਆ ਕਰਨਾ, ਹੁਣ ਤੱਕ ਕੀਤੇ ਗਏ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣਾ ਅਤੇ ਭਵਿੱਖ ਦੀਆਂ ਵਿਕਾਸ ਤਰਜੀਹਾਂ ਨੂੰ ਨਿਰਧਾਰਤ ਕਰਨਾ ਸੀ। ਇਸ ਮੌਕੇ ਵੱਡੀ ਗਿਣਤੀ ਵਿਚ ਰਿਹਾਇਸ਼ੀ ਭਲਾਈ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਦਿਆਂ ਆਪਣੇ-ਆਪਣੇ ਖੇਤਰਾਂ ਨਾਲ ਸਬੰਧਤ ਸਮੱਸਿਆਵਾਂ, ਲੋੜਾਂ ਅਤੇ ਸੁਝਾਅ ਵਿਸਥਾਰ ਨਾਲ ਰੱਖੇ। ਬੈਠਕ ਵਿਚ ਜੀਬੀਪੀ ਇਕੋ ਗ੍ਰੀਨ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਜਿੰਦਲ, ਜੀਬੀਪੀ ਰਿਵਰਸਾਈਡ/ਰੋਜ਼ ਵੈਲੀ ਸੁਸਾਇਟੀ ਦੇ ਪ੍ਰਧਾਨ ਰਵੀ ਸ਼ਰਮਾ, ਇਕੋ ਹੋਮਜ਼-ਵਨ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ, ਜੀਬੀਪੀ ਇਕੋ ਹੋਮਜ਼-ਟੂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਐੱਨਡੀ ਸ਼ਰਮਾ ‘ਦੇਵਸ਼ਾਲੀ’, ਉਪ-ਪ੍ਰਧਾਨ ਅਤੇ ਜਨਰਲ ਸਕੱਤਰ ਘਨਸ਼ਿਆਮ ਵਰਮਾ, ਸੁਖਨਾ ਇਨਕਲੇਵ ਤੋਂ ਹੇਮਰਾਜ ਅਤੇ ਬਿਹਾਰੀ ਲਾਲ ਨੌਟਿਆਲ, ਜੀਬੀਪੀ ਸੁਪੀਰੀਆ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ, ਸੁਖਨਾ ਇਨਕਲੇਵ ਸੁਸਾਇਟੀ ਦੇ ਮੈਂਬਰ ਹੋਰ ਅਹੁਦੇਦਾਰ ਅਤੇ ਵੱਖ-ਵੱਖ ਸੁਸਾਇਟੀਆਂ ਦੇ ਵਾਸੀਆਂ ਨੇ ਸ਼ਮੂਲੀਅਤ ਕੀਤੀ। ਬੈਠਕ ਦੌਰਾਨ ਪਾਣੀ ਦੀ ਉਪਲਬਧਤਾ, ਸਫ਼ਾਈ ਵਿਵਸਥਾ, ਸੜਕਾਂ ਅਤੇ ਸਟਰੀਟ ਲਾਈਟਾਂ, ਸੀਵਰੇਜ ਪ੍ਰਣਾਲੀ, ਸੁਰੱਖਿਆ, ਪਾਰਕਾਂ ਦੀ ਸੰਭਾਲ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਜੁੜੀਆਂ ਸਮੱਸਿਆਵਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਨਿਵਾਸੀਆਂ ਨੇ ਦੱਸਿਆ ਕਿ ਕਈ ਸਮੱਸਿਆਵਾਂ ਲੰਮੇ ਸਮੇਂ ਤੋਂ ਬਕਾਇਆ ਹਨ, ਜਿਨ੍ਹਾਂ ਦਾ ਹੱਲ ਹੋਣ ਨਾਲ ਇਲਾਕੇ ਦੇ ਹਜ਼ਾਰਾਂ ਪਰਿਵਾਰਾਂ ਨੂੰ ਰਾਹਤ ਮਿਲੇਗੀ। ਆਪ ਦੇ ਆਗੂ ਅਜੇ ਕੁਮਾਰ ਨੇ ਸਾਰੇ ਮੁੱਦਿਆਂ ਨੂੰ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਹਰ ਸਮੱਸਿਆ ਦਾ ਹੱਲ ਸਬੰਧਤ ਵਿਭਾਗਾਂ ਰਾਹੀਂ ਤਰਜੀਹ ਦੇ ਆਧਾਰ ’ਤੇ ਜਲਦੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਸਦੇ ਜਨ ਪ੍ਰਤੀਨਿਧ ਲੋਕਾਂ ਨਾਲ ਸਿੱਧੇ ਗੱਲਬਾਤ ਅਤੇ ਜ਼ਮੀਨੀ ਪੱਧਰ ’ਤੇ ਸਮੱਸਿਆਵਾਂ ਦੇ ਹੱਲ ’ਤੇ ਵਿਸ਼ਵਾਸ ਰੱਖਦੇ ਹਨ। ਬੈਠਕ ਦੌਰਾਨ ਜੀਬੀਪੀ ਦੀਆਂ ਵੱਖ-ਵੱਖ ਸੁਸਾਇਟੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੀਣ ਵਾਲੇ ਪਾਣੀ ਲਈ ਟਿਊਬਵੈੱਲ ਦੀ ਸਥਾਪਨਾ ਸਬੰਧੀ ਵੀ ਖ਼ਾਸ ਚਰਚਾ ਕੀਤੀ ਗਈ। ਇਸ ਮੌਕੇ ਦੋਹਾਂ ਲੀਡਰਾਂ ਨੇ ਸਪਸ਼ਟ ਕੀਤਾ ਕਿ ਇਹ ਮੰਗ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਜਲਦ ਹੀ ਪੂਰੀ ਕੀਤੀ ਜਾਵੇਗੀ ਅਤੇ ਇਸ ਲਈ ਲੋੜੀਂਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ।ਨੇਤਾਵਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਡੇਰਾਬੱਸੀ ਖੇਤਰ ਦੇ ਸਮੂਹ, ਸੰਤੁਲਿਤ ਅਤੇ ਟਿਕਾਊ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਸਿਰਫ਼ ਐਲਾਨਾਂ ਤੱਕ ਸੀਮਿਤ ਨਹੀਂ ਹੋਣੇ ਚਾਹੀਦੇ, ਸਗੋਂ ਮੈਦਾਨੀ ਪੱਧਰ ’ਤੇ ਵੀ ਦਿਖਣੇ ਚਾਹੀਦੇ ਹਨ, ਅਤੇ ਇਸੇ ਸੋਚ ਤਹਿਤ ਅਜਿਹੀਆਂ ਸਮੀਖਿਆ ਬੈਠਕਾਂ ਨਿਰੰਤਰ ਆਯੋਜਿਤ ਕੀਤੀਆਂ ਜਾਂਦੀਆਂ ਰਹਿਣਗੀਆਂ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਸਥਾਨਕ ਨਿਵਾਸੀਆਂ, ਸੁਸਾਇਟੀ ਨੁਮਾਇੰਦਿਆਂ ਅਤੇ ਜਨ-ਪ੍ਰਤੀਨਿਧੀਆਂ ਵਿਚਕਾਰ ਇਸ ਤਰ੍ਹਾਂ ਦੀ ਗੱਲਬਾਤ ਜਾਰੀ ਰਹੇਗੀ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਂਕੜ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਜੀਬੀਪੀ ਖੇਤਰ ਨੂੰ ਇਕ ਬਿਹਤਰ, ਸੁਵਿਧਾਜਨਕ ਅਤੇ ਸੁਚੱਜਾ ਰਿਹਾਇਸ਼ੀ ਇਲਾਕਾ ਬਣਾਇਆ ਜਾ ਸਕੇ। ਇਸ ਉਪਰੰਤ ਅਜੇ ਕੁਮਾਰ ਵੱਲੋਂ ਈਕੋ ਹੋਮਜ਼-ਟੂ ਦਾ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਵੱਲੋਂ ਉੱਥੇ ਦੇ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਉਨ੍ਹਾਂ ਦੇ ਤੁਰੰਤ ਨਿਪਟਾਰੇ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਸਾਹਿਲ ਮੁਹੰਮਦ, ਯੁਵਰਾਜ ਠਾਕੁਰ, ਸ਼੍ਰੀਮਤੀ ਲੀਲਾ ਵਰਮਾ, ਸ੍ਰੀਮਤੀ ਮਮਤਾ ਠਾਕੁਰ ਤੋਂ ਇਲਾਵਾ ਸਮੂਹ ਨਿਵਾਸੀ ਹਾਜ਼ਰ ਸਨ।