ਮੀਤ ਹੇਅਰ ਨੂੰ ਸਰਬਸੰਮਤੀ ਨਾਲ ਪੀਸੀਏ ਦੇ ਆਨਰੇਰੀ ਸਕੱਤਰ ਚੁਣਿਆ
ਮੀਤ ਹੇਅਰ ਨੂੰ ਸਰਬਸੰਮਤੀ ਨਾਲ ਪੀਸੀਏ ਦੇ ਆਨਰੇਰੀ ਸਕੱਤਰ ਚੁਣਿਆ,
Publish Date: Sat, 21 Mar 2026 07:12 PM (IST)
Updated Date: Sun, 22 Mar 2026 04:13 AM (IST)

* ਪੰਜਾਬ ਦੇ ਦੂਰ-ਦੁਰਾਡੇ ਖੇਤਰਾਂ ਤੱਕ ‘ਕ੍ਰਿਕਟ’ ਦੀ ਪਹੁੰਚ ਯਕੀਨੀ ਬਣਾਉਣ ਲਈ ਵਚਨਬੱਧਤਾ ਦ੍ਰਿੜਾਈ 7ਪੀ)----ਕੈਪਸ਼ਨ : ਪੀਸੀਏ ’ਚ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਨਰੇਰੀ ਸਕੱਤਰ ਦਾ ਅਹੁਦਾ ਸੰਭਾਲਣ ਮੌਕੇ ਪਤਵੰਤੇ। ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਕਰਵਾਈ ਗਈ ਵਿਸ਼ੇਸ਼ ਜਨਰਲ ਬਾਡੀ ਬੈਠਕ (ਐੱਸਜੀਐੱਮ) ਤੇ ਆਨਰੇਰੀ ਸਕੱਤਰ ਦੇ ਅਹੁਦੇ ਦੀਆਂ ਚੋਣਾਂ ’ਚ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਨਿਰ-ਵਿਰੋਧ ਆਨਰੇਰੀ ਸਕੱਤਰ ਵਜੋਂ ਚੁਣਿਆ ਗਿਆ ਹੈ। ਪੀਸੀਏ ਨਿਊ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਹੋਈਆਂ ਚੋਣਾਂ ’ਚ ਚੋਣ ਅਧਿਕਾਰੀ, ਜਗਪਾਲ ਸਿੰਘ ਸੰਧੂ ਨੇ ਮੀਤ ਹੇਅਰ ਨੂੰ ਨਿਰ-ਵਿਰੋਧ ਪੀਸੀਏ ਦੇ ਆਨਰੇਰੀ ਸਕੱਤਰ ਚੁਣੇ ਜਾਣ ਦਾ ਐਲਾਨ ਕੀਤਾ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਉਨ੍ਹਾਂ ਵਿਚ ਭਰੋਸਾ ਜਤਾਉਣ ਲਈ ਦਿਲੋਂ ਧੰਨਵਾਦ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਉਹ ਇਸ ਸਮਰਥਨ ਲਈ ਬਹੁਤ ਰਿਣੀ ਹਨ ਤੇ ਪੰਜਾਬ ’ਚ ਕ੍ਰਿਕਟ ਦੇ ਵਿਕਾਸ ਤੇ ਉੱਤਮਤਾ ਲਈ ਆਪਣੀ ਦ੍ਰਿੜ ਵਚਨਬੱਧਤਾ ਦਾ ਭਰੋਸਾ ਦਿੰਦੇ ਹਨ। ਮੀਤ ਹੇਅਰ ਨੇ ਕਿਹਾ ਕਿ ਮੈਂ ਪੰਜਾਬ ਦੇ ਦੂਰ-ਦੁਰਾਡੇ ਖੇਤਰਾਂ ’ਚ ਵੀ ਕ੍ਰਿਕਟ ਵਿਕਾਸ ਪਹਿਲਕਦਮੀਆਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਉਹ ਮਜ਼ਬੂਤ ਕ੍ਰਿਕਟ ਈਕੋ ਸਿਸਟਮ ਬਣਾਉਣ ਲਈ ਸਾਰਿਆਂ ਦੇ ਸੁਹਿਰਦ ਸਮਰਥਨ ਦੀ ਮੰਗ ਕਰਦੇ ਹਨ, ਜੋ ਨਾ ਸਿਰਫ਼ ਸ਼ਾਨਦਾਰ ਖਿਡਾਰੀ ਪੈਦਾ ਕਰਦਾ ਹੈ, ਸਗੋਂ ਖੇਡ ਦੀ ਭਾਵਨਾ ਤੇ ਮਹੱਤਤਾ ਨੂੰ ਵੀ ਬਰਕਰਾਰ ਰੱਖਦਾ ਹੈ। ਜ਼ਿਕਰਯੋਗ ਹੈ ਕਿ ਮੀਤ ਹੇਅਰ ਪਹਿਲਾਂ ਪੰਜਾਬ ਸਰਕਾਰ ’ਚ ਵੱਖ-ਵੱਖ ਅਹੁਦਿਆਂ ’ਤੇ ਕੈਬਨਿਟ ਮੰਤਰੀ, ਵਿਸ਼ੇਸ਼ ਕਰ ਕੇ ਖੇਡ ਮੰਤਰੀ ਰਹਿ ਚੁੱਕੇ ਹਨ। ਮੀਤ ਹੇਅਰ ਨੇ ਰਾਜ ’ਚ ਖੇਡ ਨੀਤੀ ਪੇਸ਼ ਕਰਨ ਲਈ ਵਿਆਪਕ ਮਾਨਤਾ ਪ੍ਰਾਪਤ ਕੀਤੀ, ਜਿਸ ਦਾ ਉਦੇਸ਼ ਉੱਭਰ ਰਹੇ ਖਿਡਾਰੀਆਂ ਦੇ ਹੁਨਰ ਨੂੰ ਨਿਖਾਰਨ ਦੇ ਨਾਲ-ਨਾਲ ਨਵੀਂ ਪ੍ਰਤਿਭਾ ਨੂੰ ਲੱਭਣਾ ਤੇ ਪਾਲਣ-ਪੋਸ਼ਣ ਕਰਨਾ ਹੈ। ਮੀਤ ਹੇਅਰ ਨੇ ਸ਼ਾਸਨ ਤੇ ਲੋਕ ਭਲਾਈ ’ਚ ਵੀ ਅਹਿਮ ਯੋਗਦਾਨ ਪਾਇਆ। ਆਪਣੀ ਪ੍ਰਗਤੀਸ਼ੀਲ ਸੋਚ ਤੇ ਲੋਕ-ਪੱਖੀ ਪਹੁੰਚ ਲਈ ਜਾਣੇ ਜਾਂਦੇ ਮੀਤ ਹੇਅਰ ਨੇ ਲਗਾਤਾਰ ਸਮਾਜਿਕ ਭਲਾਈ ਦੇ ਕੰਮ ਕੀਤੇ, ਜਿਸ ’ਚ ਨੌਜਵਾਨ ਸਸ਼ਕਤੀਕਰਨ, ਖੇਡ ਵਿਕਾਸ ਤੇ ਪੇਂਡੂ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।