ਮੈਡੀਕਲ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਮੈਡੀਕਲ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ,
Publish Date: Mon, 09 Mar 2026 05:18 PM (IST)
Updated Date: Mon, 09 Mar 2026 05:21 PM (IST)

- ਖੇਤਰ ਦੀਆਂ ਪ੍ਰੇਰਨਾਦਾਇਕ ਔਰਤਾਂ ਨੂੰ ਕੀਤਾ ਸਨਮਾਨਿਤ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਡੇਰਾਬੱਸੀ ਮੈਡੀਕਲ ਐਸੋਸੀਏਸ਼ਨ ਨੇ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਇਕ ਪ੍ਰੋਗਰਾਮ ਕਰਵਾਇਆ। ਇਸ ਸਮਾਗਮ ਵਿਚ ਮੁਹਾਲੀ ਦੇ ਸਿਵਲ ਸਰਜਨ ਡਾ. ਸੰਗੀਤਾ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਉਚਾਈਆਂ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਡੇਰਾਬੱਸੀ ਨਗਰ ਕੌਂਸਲ ਦੇ ਪ੍ਰਧਾਨ ਆਸ਼ੂ ਉਪਨੇਜਾ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ ਅਤੇ ਉਨ੍ਹਾਂ ਨੇ ਇਨ੍ਹਾਂ ਔਰਤਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਪੁਰਸਕਾਰ ਭੇਟ ਕੀਤੇ। ਸਨਮਾਨਿਤ ਔਰਤਾਂ ਵਿਚ ਭਾਰਤੀ ਮਾਲੀਆ ਸੇਵਾ ਵਿਚ ਸਹਾਇਕ ਆਮਦਨ ਕਰ ਕਮਿਸ਼ਨਰ ਮਹਿਕ ਮਿੱਤਲ, ਸਮਾਜ ਸੇਵਿਕਾ ਮਹਿਕ ਸਿੰਘ, ਲੌਂਗੋਵਾਲ ਗਰੁੱਪ ਆਫ਼ ਕਾਲਜਿਜ਼ ਦੀ ਡਾਇਰੈਕਟਰ ਡਾ. ਰੋਜ਼ੀ ਕਤਿਆਲ, ਜ਼ਿਲ੍ਹਾ ਮੁਹਾਲੀ ਲਈ ਪਰਿਵਾਰ ਨਿਯੋਜਨ ਅਧਿਕਾਰੀ ਡਾ. ਤਮੰਨਾ, ਬਾਲ ਭਲਾਈ ਕਮੇਟੀ ਦੀ ਮੈਜਿਸਟ੍ਰੇਟ ਵਿਨੀਤਾ ਅਰੋੜਾ, ਸਿਵਲ ਜੱਜ ਅੰਮ੍ਰਿਤਬੀਰ ਕੌਰ ਬਰਾੜ, ਸਹਾਇਕ ਆਬਕਾਰੀ ਕਰ ਅਧਿਕਾਰੀ ਸ਼ੈਫਾਲੀ ਅੱਤਰੀ ਅਤੇ ਬਿਊਰੋ ਚੀਫ਼ ਹਰਦੀਪ ਵਿਰਕ ਅਤੇ ਮੈਡੀਕਲ ਖੇਤਰ ਵਿਚ ਸੇਵਾਵਾਂ ਨਿਭਾ ਰਹੀਆਂ ਮਹਿਲਾ ਡਾਕਟਰ ਸ਼ਾਮਲ ਸਨ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਨ ਨਾਲ ਹੋਈ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੰਜੇ ਅੱਤਰੀ, ਜਨਰਲ ਸਕੱਤਰ ਡਾ. ਰਵੀਨਾ ਸੂਰੀ ਅਤੇ ਖ਼ਜ਼ਾਨਚੀ ਡਾ. ਅਸ਼ਵਨੀ ਪ੍ਰਭਾਕਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਡਾ. ਦਿਨੇਸ਼ ਮਿੱਤਲ ਨੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ ਅਤੇ ਖ਼ਾਸ ਤੌਰ ’ਤੇ ਡੇਰਾਬੱਸੀ ਮੈਡੀਕਲ ਐਸੋਸੀਏਸ਼ਨ ਦੀਆਂ ਮਹਿਲਾ ਡਾਕਟਰਾਂ ਨੂੰ ਵਧਾਈ ਦਿੱਤੀ ਜੋ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਦਿਨ-ਰਾਤ ਡਾਕਟਰੀ ਕੰਮ ਵਿਚ ਰੁੱਝੀਆਂ ਰਹਿਣ ਦੇ ਬਾਵਜੂਦ, ਸਮਾਜਿਕ ਕਾਰਜਾਂ ਵਿਚ ਵੀ ਰੁੱਝੀਆਂ ਰਹਿੰਦੀਆਂ ਹਨ।