ਡੇਰਾਬੱਸੀ-ਬਰਵਾਲਾ ਰੋਡ 'ਤੇ ਮੀਟ ਦੀ ਰਹਿੰਦ-ਖੂੰਹਦ ਦੇ ਲੱਗੇ ਅੰਬਾਰ
ਡੇਰਾਬੱਸੀ-ਬਰਵਾਲਾ ਰੋਡ 'ਤੇ ਮੀਟ ਦੀ ਰਹਿੰਦ-ਖੂੰਹਦ ਦੇ ਲੱਗੇ ਅੰਬਾਰ;
Publish Date: Sat, 03 Jan 2026 05:48 PM (IST)
Updated Date: Sun, 04 Jan 2026 04:09 AM (IST)

ਰਾਹਗੀਰ ਤੇ ਸਥਾਨਕ ਲੋਕ ਪਰੇਸ਼ਾਨ, ਸੜਕ ਕਿਨਾਰੇ ਸੁੱਟੀ ਗੰਦਗੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਹੋਈ ਵਾਇਰਲ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਤੋਂ ਬਰਵਾਲਾ ਨੂੰ ਜਾਣ ਵਾਲੀ ਮੁੱਖ ਸੜਕ ਦੇ ਕਿਨਾਰਿਆਂ ਤੇ ਮੀਟ ਦੀਆਂ ਦੁਕਾਨਾਂ ਦੀ ਰਹਿੰਦ-ਖੂੰਹਦ ਤੇ ਗੰਦਗੀ ਸੁੱਟੇ ਜਾਣ ਕਾਰਨ ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੜਕ ਕਿਨਾਰੇ ਪਏ ਗੰਦਗੀ ਦੇ ਢੇਰਾਂ ਕਾਰਨ ਜਿੱਥੇ ਇਲਾਕੇ ’ਚ ਅਸਹਿ ਬਦਬੂ ਫੈਲ ਰਹੀ ਹੈ, ਉੱਥੇ ਹੀ ਲੋਕਾਂ ਨੂੰ ਭਿਆਨਕ ਬਿਮਾਰੀਆਂ ਫ਼ੈਲਣ ਦਾ ਡਰ ਸਤਾ ਰਿਹਾ ਹੈ। ਗੰਦਗੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕੁੱਝ ਮੀਟ ਵਿਕਰੇਤਾ ਦੇਰ ਰਾਤ ਜਾਂ ਤੜਕਸਾਰ ਦੁਕਾਨਾਂ ਦੀ ਰਹਿੰਦ-ਖੂੰਹਦ, ਹੱਡੀਆਂ ਅਤੇ ਹੋਰ ਗੰਦਗੀ ਨੂੰ ਲਿਫ਼ਾਫ਼ਿਆਂ ਵਿਚ ਭਰ ਕੇ ਸੜਕ ਕਿਨਾਰੇ ਸੁੱਟ ਜਾਂਦੇ ਹਨ। ਧੁੱਪ ਲੱਗਣ ਕਾਰਨ ਇਹ ਗੰਦਗੀ ਸੜਨ ਲੱਗਦੀ ਹੈ, ਜਿਸ ਨਾਲ ਆਸ-ਪਾਸ ਦੇ ਇਲਾਕੇ ਦਾ ਵਾਤਾਵਰਨ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਾ ਹੈ। ਇਸ ਕਾਰਨ ਬਿਮਾਰੀਆਂ ਦਾ ਖ਼ਤਰਾ ਵਧ ਗਿਆ ਹੈ। ਗੰਦਗੀ ਕਾਰਨ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੋ ਗਈ ਹੈ, ਜਿਸ ਨਾਲ ਹੈਜ਼ਾ, ਡੇਂਗੂ ਅਤੇ ਹੋਰ ਲਾਗ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਗੰਦਗੀ ਦੇ ਢੇਰ ’ਤੇ ਆਵਾਰਾ ਪਸ਼ੂਆਂ ਦਾ ਜਮਾਵੜਾ ਵੀ ਲੱਗਿਆ ਰਹਿੰਦਾ ਹੈ। ਮੀਟ ਦੀ ਰਹਿੰਦ-ਖੂੰਹਦ ਕਾਰਨ ਸੜਕ ਤੇ ਹਰ ਵੇਲੇ ਆਵਾਰਾ ਕੁੱਤਿਆਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ, ਜੋ ਅਕਸਰ ਰਾਹਗੀਰਾਂ ਤੇ ਦੋਪਹੀਆ ਵਾਹਨ ਚਾਲਕਾਂ ਤੇ ਹਮਲਾ ਕਰਦੇ ਹਨ, ਜਿਸ ਕਾਰਨ ਹਾਦਸਿਆਂ ਦਾ ਡਰ ਰਹਿੰਦਾ ਹੈ। ਇਹ ਸਾਰਾ ਕੁਝ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਕਾਰਨ ਹੋ ਰਿਹਾ ਹੈ। ਨਿਵਾਸੀਆਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਸਬੰਧਤ ਵਿਭਾਗ ਜਾਂ ਨਗਰ ਕੌਂਸਲ ਵੱਲੋਂ ਇਸ ਵੱਲ ਕੋਈ ਠੋਸ ਧਿਆਨ ਨਹੀਂ ਦਿੱਤਾ ਜਾ ਰਿਹਾ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਗੰਦਗੀ ਸੁੱਟਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇੱਥੋਂ ਗੰਦਗੀ ਨੂੰ ਤੁਰੰਤ ਚੁਕਵਾਇਆ ਜਾਵੇ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।