ਨਿਆਗਾਓਂ ਨੇੜੇ ਟ੍ਰੈਫਿਕ ਜਾਮ ਤੇ ਗ਼ੈਰ-ਕਾਨੂੰਨੀ ਕਬਜ਼ਿਆਂ ’ਤੇ ਮੇਅਰ ਸਖ਼ਤ
ਨਿਆਗਾਓਂ ਨੇੜੇ ਟ੍ਰੈਫਿਕ ਜਾਮ ਅਤੇ ਗ਼ੈਰ-ਕਾਨੂੰਨੀ ਕਬਜ਼ਿਆਂ ’ਤੇ ਮੇਅਰ ਸਖ਼ਤ
Publish Date: Mon, 09 Mar 2026 08:29 PM (IST)
Updated Date: Mon, 09 Mar 2026 08:33 PM (IST)

- ਫੁੱਟਪਾਥ ਤੇ ਸਾਈਕਲ ਟਰੈਕ ਬਣਾਉਣ ਦੇ ਨਿਰਦੇਸ਼ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਮੇਅਰ ਸੌਰਭ ਜੋਸ਼ੀ ਨੇ ਸੋਮਵਾਰ ਨੂੰ ਪੈੱਕ ਕਾਲਜ ਨਿਆਗਾਓਂ ਬੈਰੀਅਰ ਦੇ ਨੇੜੇ ਰਾਜਿੰਦਰਾ ਪਾਰਕ ਰੋਡ ਖੇਤਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਟ੍ਰੈਫਿਕ ਜਾਮ ਅਤੇ ਗਲੀ-ਮੁਹੱਲਿਆਂ ਦੇ ਵਿਕਰੇਤਾਵਾਂ ਵੱਲੋਂ ਕੀਤੇ ਗਏ ਗ਼ੈਰ-ਕਾਨੂੰਨੀ ਕਬਜ਼ਿਆਂ ਦਾ ਜਾਇਜ਼ਾ ਲਿਆ। ਨਿਆਗਾਓਂ ਵਾਸੀਆਂ ਅਤੇ ਕੌਂਸਲਰਾਂ ਨੇ ਮੇਅਰ ਦਾ ਸਵਾਗਤ ਕੀਤਾ। ਇਸ ਮੌਕੇ ਮੇਅਰ ਦੇ ਨਾਲ ਕੌਂਸਲਰ, ਨਿਆਗਾਓਂ ਨਿਵਾਸੀ, ਭਾਜਪਾ ਪੰਜਾਬ ਸਟੇਟ ਮੀਡੀਆ ਇੰਚਾਰਜ ਵਿਨੀਤ ਜੋਸ਼ੀ, ਨਗਰ ਨਿਗਮ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ, ਪੁਲਿਸ ਵਿਭਾਗ ਦੇ ਅਧਿਕਾਰੀ, ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀ ਅਤੇ ਇਨਫੋਰਸਮੈਂਟ ਸੁਪਰਡੈਂਟ ਸ਼ਾਮਲ ਸਨ। ਦੌਰੇ ਮੌਕੇ ਮੇਅਰ ਸੌਰਵ ਜੋਸ਼ੀ ਨੇ ਗੰਭੀਰ ਟ੍ਰੈਫਿਕ ਜਾਮ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਭੀੜ-ਭੜੱਕੇ ਦੇ ਸਮੇਂ ਦੌਰਾਨ ਟ੍ਰੈਫਿਕ ਨੂੰ ਪ੍ਰਬੰਧਿਤ ਕਰਨ ਲਈ ਲੁੜੀਂਦੇ ਪੁਲਿਸ ਕਰਮਚਾਰੀ ਤਾਇਨਾਤ ਕਰਨ। ਨਗਰ ਨਿਗਮ ਦੀਆਂ ਇਨਫੋਰਸਮੈਂਟ ਟੀਮਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਖੇਤਰ ਵਿਚ ਨਿਯਮਿਤ ਨਿਰੀਖਣ ਕਰਨ ਅਤੇ ਸੜਕਾਂ ’ਤੇ ਰੁਕਾਵਟਾਂ ਨੂੰ ਦੂਰ ਕਰਨ ਲਈ ਗ਼ੈਰ-ਕਾਨੂੰਨੀ ਵਿਕਰੇਤਾਵਾਂ ਵਿਰੁੱਧ ਸਖ਼ਤ ਕਾਰਵਾਈ ਕਰਨ। ਮੇਅਰ ਨੇ ਇੰਜੀਨੀਅਰਿੰਗ ਵਿੰਗ ਨੂੰ ਨਿਆਗਾਓਂ ਤੋਂ ਖੁੱਡਾ ਅਲੀਸ਼ੇਰ ਪਿੰਡ ਵੱਲ ਰਾਜਿੰਦਰਾ ਪਾਰਕ ਰੋਡ ’ਤੇ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਦੀ ਸਹੂਲਤ ਲਈ ਫੁੱਟਪਾਥ ਅਤੇ ਸਾਈਕਲ ਟਰੈਕ ਵਿਕਸਤ ਕਰਨ ਦੀ ਯੋਜਨਾ ਵਿਕਸਤ ਕਰਨ ਦੇ ਵੀ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿਚ ਨਿਆਗਾਓਂ ਦਾ ਇਕ ਵਫ਼ਦ ਸੌਰਵ ਜੋਸ਼ੀ ਨੂੰ ਮਿਲਿਆ ਸੀ। ਇਸ ਮੌਕੇ ਮੇਅਰ ਨੇ ਹਦਾਇਤ ਕੀਤੀ ਕਿ ਜਿਹੜੇ ਨਿਰਦੇਸ਼ ਉਨ੍ਹਾਂ ਵੱਲੋਂ ਦਿੱਤੇ ਗਏ ਹਨ, ਉਹ ਇਕ-ਦੋ ਦਿਨਾਂ ਦੇ ਵਿਚ-ਵਿਚ ਕੰਮ ਸ਼ੁਰੂ ਹੋ ਜਾਣੇ ਚਾਹੀਦੇ ਹਨ ਅਤੇ ਅਗਲੇ ਹਫ਼ਤੇ ਉਹ ਦੁਬਾਰਾ ਮੁੜ ਇਸ ਸਥਾਨ ਦਾ ਨਿਰੀਖਣ ਕਰਨਗੇ।