ਜੰਗ ਖ਼ਿਲਾਫ਼ ਗ਼ਦਰੀ ਬਾਬੇ ਵਿਚਾਰਧਾਰਕ ਮੰਚ ਵੱਲੋਂ ਜ਼ਬਰਦਸਤ ਮੁਜ਼ਾਹਰਾ
ਜੰਗ ਖ਼ਿਲਾਫ਼ ਗ਼ਦਰੀ ਬਾਬੇ ਵਿਚਾਰਧਾਰਕ ਮੰਚ ਵੱਲੋਂ ਜਬਰਦਸਤ ਮੁਜ਼ਾਹਰਾ,
Publish Date: Tue, 31 Mar 2026 05:53 PM (IST)
Updated Date: Wed, 01 Apr 2026 04:07 AM (IST)

ਰਸੋਈ ਗੈਸ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਉੱਭਰੀ ਮਹਿਰਾ, ਪੰਜਾਬੀ ਜਾਗਰਣ, ਖਰੜ : ਸਥਾਨਕ ਸਮਾਜਕ ਜਥੇਬੰਦੀ ਗ਼ਦਰੀ ਬਾਬੇ ਵਿਚਾਰਧਾਰਕ ਮੰਚ (ਪੰਜਾਬ) ਖਰੜ ਵੱਲੋਂ ਬਾਂਸਾਂ ਵਾਲੀ ਚੁੰਗੀ ਵਿਖੇ ਜੰਗ ਵਿਰੁੱਧ ਜਬਰਦਸਤ ਰੈਲੀ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਮੰਚ ਦੇ ਪ੍ਰਧਾਨ ਹਰਨਾਮ ਸਿੰਘ ਡੱਲਾ ਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੁਮਣਾ ਨੇ ਕੀਤੀ। ਇਸ ਮੌਕੇ ਪ੍ਰਦਰਸ਼ਨ ਵਿਚ ਸ਼ਹੀਦ ਕਾਂਸ਼ੀ ਰਾਮ ਮੜੌਲੀ ਦੇ ਪੜਪੋਤੇ ਕੇਵਲ ਜੋਸ਼ੀ, ਕਾਮਰੇਡ ਯੋਗਰਾਜ, ਹਰਮੇਲ ਸਿੰਘ ਚੋਲਟਾ, ਭੁਪਿੰਦਰ ਸਿੰਘ ਮਦਨਹੇੜੀ, ਕਾਮਰੇਡ ਦਿਨੇਸ਼ ਪ੍ਰਸਾਦ, ਪ੍ਰਿੰਸੀਪਲ ਮੋਹਨ ਲਾਲ ਰਾਹੀ, ਬਲਵਿੰਦਰ ਸਿੰਘ ਰਡਿਆਲਾ, ਯੋਗਰਾਜ ਸਿੰਘ, ਜੰਗ ਸਿੰਘ ਭੱਟੀ, ਪ੍ਰਿੰਸੀਪਲ ਹਰਚਰਨ ਸਿੰਘ, ਗੁਰਵਿੰਦਰ ਸਿੰਘ ਸਮਾਜ ਸੇਵੀ, ਸੁਰਿੰਦਰ ਸਿੰਘ ਵਡਾਲਾ, ਪੀਪੀ ਸਿੰਘ, ਬਲਦੇਵ ਸਿੰਘ ਭਾਗੋ ਮਾਜਰਾ, ਰਜਿੰਦਰ ਸਿੰਘ ਰਾਜਾ, ਫ਼ਤਿਹ ਸਿੰਘ, ਹਰਜੀਵਨ ਸਿੰਘ, ਪ੍ਰਗਟ ਸਿੰਘ ਅਤੇ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਭਾਗ ਲਿਆ। ਬਾਂਸਾਂ ਵਾਲੀ ਚੁੰਗੀ ਖਰੜ ਤੋਂ ਚੱਲ ਕੇ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਲੋਕਾਂ ਨੇ ਇੰਡੇਨ ਗੈਸ ਏਜੰਸੀ ਦੇ ਸਾਹਮਣੇ ਜਾ ਕੇ ਰੁਕਿਆ। ਉਨ੍ਹਾਂ ਨੇ ਸਾਮਰਾਜੀ ਮੁਲਕ ਅਮਰੀਕਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਚਿੰਤਾ ਪ੍ਰਗਟ ਕੀਤੀ ਕਿ ਜੇਕਰ ਇਸੇ ਤਰ੍ਹਾਂ ਜੰਗ ਜਾਰੀ ਰਹੀ ਤਾਂ ਰਸੋਈ ਗੈਸ, ਤੇਲ ਅਤੇ ਖਾਣ-ਪੀਣ ਦੀਆਂ ਵਸਤਾਂ, ਲੋਕਾਂ ਦਾ ਜਿਉਣਾ ਦੁਭਰ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਅਮਰੀਕਾ ਛੋਟੇ ਮੁਲਕਾਂ ’ਤੇ ਹਮਲੇ ਕਰਕੇ ਉਨ੍ਹਾਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ ਅਤੇ ਫਿਰ ਧਰਤੀ ’ਤੇ ਕਬਜ਼ਾ ਕਰਕੇ ਆਪਣੀ ਬਸਤੀ ਵਸਾਉਣੀ ਚਾਹੁੰਦਾ ਹੈ। ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਅਤੇ ਇਜਰਾਇਲ ਜੁੰਡੀ ਵੱਲੋਂ ਈਰਾਕ ’ਤੇ ਕੀਤੇ ਹਮਲੇ ਦੀ ਨਿਖੇਧੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁੱਟ ਨਿਰਲੇਪ ਦੇਸ਼ਾਂ ਦੀ ਨੀਤੀ ਦਾ ਖ਼ਾਤਮਾ ਕਰਕੇ ਭਾਰਤ ਸਾਮਰਾਜੀ ਮੁਲਕਾਂ ਦੀ ਹਮਾਇਤ ਹੀ ਕਰ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੰਗ ਦੀ ਆੜ ਵਿਚ ਜਮ੍ਹਾਂਖੋਰੀ ਬੰਦ ਕਰਵਾਕੇ ਸ਼ਹਿਰ ਦੇ ਲੋਕਾਂ ਲਈ ਗੈਸ ਸਪਲਾਈ ਯਕੀਨੀ ਬਣਾਈ ਜਾਵੇ।