ਵਿਦੇਸ਼ ਭੇਜਣ ਦੇ ਨਾਂ ’ਤੇ 15 ਲੱਖ ਰੁਪਏ ਠੱਗੇ
ਜਰਮਨੀ ਭੇਜਣ ਦੇ ਨਾਂ 'ਤੇ ਵਿਅਕਤੀ ਨਾਲ 15 ਲੱਖ ਦੀ ਠੱਗੀ, ਦੋ ਖ਼ਿਲਾਫ਼ ਕੇਸ ਦਰਜ
Publish Date: Mon, 30 Mar 2026 08:52 PM (IST)
Updated Date: Mon, 30 Mar 2026 08:54 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਢਕੌਲੀ ਖੇਤਰ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਜਰਮਨੀ ਭੇਜਣ ਅਤੇ ਉੱਥੋਂ ਦਾ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਦੀ ਵੱਡੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਹਾਲੀ ਸੀਆਈਏ ਸਟਾਫ਼ ਦੀ ਪੜਤਾਲ ਤੋਂ ਬਾਅਦ ਜ਼ੀਰਕਪੁਰ ਪੁਲਿਸ ਨੇ ਪਟਿਆਲਾ ਦੇ ਨਾਭਾ ਵਾਸੀ ਮੁਨੀਸ਼ ਬੱਤਾ ਅਤੇ ਹਰਿਆਣਾ ਦੇ ਯਮੁਨਾਨਗਰ ਵਾਸੀ ਰਾਜੀਵ ਅਰੋੜਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਪ੍ਰਦੀਪ ਗੁਪਤਾ ਨੇ ਐੱਸਐੱਸਪੀ ਮੁਹਾਲੀ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਕਰੀਬ ਛੇ ਮਹੀਨੇ ਪਹਿਲਾਂ ਉਸ ਦੀ ਮੁਲਾਕਾਤ ਇਨ੍ਹਾਂ ਦੋਵਾਂ ਵਿਅਕਤੀਆਂ ਨਾਲ ਹੋਈ ਸੀ। ਮੁਲਜ਼ਮਾਂ ਨੇ ਖ਼ੁਦ ਨੂੰ ਵੱਡੇ ਇਮੀਗ੍ਰੇਸ਼ਨ ਕਾਰੋਬਾਰੀ ਦੱਸਿਆ ਅਤੇ ਭਰੋਸਾ ਦਿੱਤਾ ਕਿ ਉਹ ਉਸ ਦਾ ਪਾਸਪੋਰਟ ਬਣਵਾ ਕੇ ਵੀਜ਼ਾ ਅਤੇ ਵਰਕ ਪਰਮਿਟ ਲਗਵਾ ਕੇ ਉਸ ਨੂੰ ਜਰਮਨੀ ਸੈਟਲ ਕਰਵਾ ਦੇਣਗੇ। ਇਸ ਪੂਰੇ ਕੰਮ ਲਈ ਸੌਦਾ 22 ਲੱਖ ਰੁਪਏ ਵਿਚ ਤੈਅ ਹੋਇਆ ਸੀ। ਪ੍ਰਦੀਪ ਗੁਪਤਾ ਅਨੁਸਾਰ ਇਹ ਸਾਰੀ ਡੀਲ ਜੂਨ 2025 ਵਿਚ ਹੋਈ ਸੀ। ਮੁਲਜ਼ਮਾਂ ਨੇ ਦਾਅਵਾ ਕੀਤਾ ਸੀ ਕਿ ਦੋ ਮਹੀਨਿਆਂ ਦੇ ਅੰਦਰ ਸਾਰੀ ਪ੍ਰਕਿਰਿਆ ਪੂਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੀ ਮੰਗ ਤੇ ਸ਼ਿਕਾਇਤਕਰਤਾ ਨੇ ਪਹਿਲੀ ਕਿਸ਼ਤ ਵਜੋਂ 5 ਲੱਖ ਰੁਪਏ ਨਕਦ ਮੈਟਰੋ ਮਾਲ ਜ਼ੀਰਕਪੁਰ ਦੇ ਕੋਲ ਦਿੱਤੇ। ਇਸ ਤੋਂ ਕੁੱਝ ਦਿਨਾਂ ਬਾਅਦ 10 ਲੱਖ ਰੁਪਏ ਦੀ ਦੂਜੀ ਕਿਸ਼ਤ ਵੀ ਨਕਦ ਅਦਾ ਕਰ ਦਿੱਤੀ ਗਈ। ਮੁਲਜ਼ਮਾਂ ਨੇ ਕਿਹਾ ਸੀ ਕਿ ਬਾਕੀ ਬਚੇ 7 ਲੱਖ ਰੁਪਏ ਪਾਸਪੋਰਟ ਅਤੇ ਵੀਜ਼ਾ ਮਿਲਣ ਤੋਂ ਬਾਅਦ ਦੇਣੇ ਹੋਣਗੇ। ਤੈਅ ਸਮਾਂ ਬੀਤ ਜਾਣ ਦੇ ਬਾਵਜੂਦ ਜਦੋਂ ਮੁਲਜ਼ਮਾਂ ਨੇ ਨਾ ਤਾਂ ਪਾਸਪੋਰਟ ਦਿੱਤਾ ਅਤੇ ਨਾ ਹੀ ਵੀਜ਼ਾ ਲਗਵਾਇਆ, ਤਾਂ ਪੀੜਤਾ ਨੂੰ ਸ਼ੱਕ ਹੋਇਆ। ਪੀੜਤ ਵੱਲੋਂ ਵਾਰ-ਵਾਰ ਪੁੱਛਣ ’ਤੇ ਮੁਲਜ਼ਮ ਟਾਲ-ਮਟੋਲ ਕਰਨ ਲੱਗੇ। ਅਖ਼ੀਰ ਪਰੇਸ਼ਾਨ ਹੋ ਕੇ ਪ੍ਰਦੀਪ ਗੁਪਤਾ ਨੇ ਪੁਲਿਸ ਕੋਲ ਇਨਸਾਫ਼ ਦੀ ਗੁਹਾਰ ਲਾਈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਪੂਰੀ ਕੀਤੀ ਅਤੇ ਹੁਣ ਐੱਫਆਈਆਰ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਹੈ।