ਮੁਹਾਲੀ ਪੁਲਿਸ ਵੱਲੋਂ ਸ਼ਾਤਰ ਮੁਲਜ਼ਮ ਕਾਬੂ, ਪੰਜ ਮੋਟਰਸਾਈਕਲ, ਦੋ ਮੋਬਾਈਲ ਤੇ ਇਕ ਐਕਟਿਵਾ ਬਰਾਮਦ
ਮੁਹਾਲੀ ਪੁਲਿਸ ਦੀ ਵੱਡੀ ਕਾਰਵਾਈ, ਚੋਰੀਆਂ ਦੇ ਮਾਮਲੇ ’ਚ ਸ਼ਾਤਰ ਮੁਲਜ਼ਮ ਗ੍ਰਿਫ਼ਤਾਰ,
Publish Date: Thu, 15 Jan 2026 06:42 PM (IST)
Updated Date: Thu, 15 Jan 2026 06:42 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਵੱਲੋਂ ਚੋਰੀ ਅਤੇ ਝਪਟਮਾਰੀ ਦੀਆਂ ਘਟਨਾਵਾਂ ਚ ਸ਼ਾਮਲ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ, ਉਸ ਕੋਲੋਂ ਪੰਜ ਮੋਟਰਸਾਈਕਲ, 2 ਮੋਬਾਈਲ ਫੋਨ ਤੇ ਇਕ ਐਕਟਿਵਾ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਐੱਸਪੀ ਸਿਟੀ ਮੁਹਾਲੀ ਦੀ ਰਹਿਨੁਮਾਈ ਹੇਠ ਮੁਹਾਲੀ ਸ਼ਹਿਰ ਵਿਚ ਹੋ ਰਹੀਆ ਚੋਰੀ/ਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਪ੍ਰਿਥਵੀ ਸਿੰਘ ਚਹਿਲ ਡੀਐੱਸਪੀ ਸਿਟੀ-1 ਮੁਹਾਲੀ ਅਤੇ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਅਫ਼ਸਰ ਥਾਣਾ ਫੇਸ-1 ਮੁਹਾਲੀ ਦੀ ਨਿਗਰਾਨੀ ਹੇਠ ਟੀਮ ਨੂੰ ਉਕਤ ਸਫ਼ਲਤਾ ਹਾਸਲ ਹੋਈ। ਪੁਲਿਸ ਵੱਲੋਂ 10 ਜਨਵਰੀ 2026 ਨੂੰ ਨੇੜੇ ਸਪਾਇਸ ਲਾਈਟਾਂ ਇੰਡਸਟਰੀਅਲ ਫੇਸ-7 ਏਰੀਆ ਮੁਹਾਲੀ ਵਿਖੇ ਨਾਕਾਬੰਦੀ ਕਰਕੇ ਹਰਮਨਜੀਤ ਸਿੰਘ ਉਰਫ਼ ਹਨੀ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਮਲਕਪੁਰ ਟੱਪਰੀਆਂ ਥਾਣਾ ਮੁੱਲਾਂਪੁਰ ਹਾਲ ਵਾਸੀ ਪਿੰਡ ਬਲੌਂਗੀ ਜ਼ਿਲ੍ਹਾ ਐੱਸਏਐੱਸ ਨਗਰ ਨੂੰ ਕਾਬੂ ਕੀਤਾ ਗਿਆ। ਉਸ ਦੇ ਕਬਜ਼ੇ ਵਿਚੋਂ ਚੋਰੀ ਕੀਤਾ ਮੋਟਰਸਾਈਕਲ ਮਾਰਕਾ ਸਪਲੈਂਡਰ ਪਲੱਸ ਬਰਾਮਦ ਕੀਤਾ ਗਿਆ ਸੀ, ਜਿਸ ’ਤੇ ਮੁਕੱਦਮਾ ਨੰ. 05 ਮਿਤੀ 10 ਜਨਵਰੀ 2026 ਅਧੀਨ ਧਾਰਾ 303(2) ਬੀਐੱਨਐੱਸ ਥਾਣਾ ਫੇਸ-1 ਮੁਹਾਲੀ ਦਰਜ ਕੀਤਾ ਗਿਆ। ਮੁਲਜ਼ਮ ਤੋਂ ਪੁਲਿਸ ਰਿਮਾਂਡ ਤਹਿਤ ਪੁੱਛਗਿੱਛ ਦੌਰਾਨ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ 02 ਮੋਬਾਈਲ ਫੋਨ, 3 ਮੋਟਰਸਾਈਕਲ ਮਾਰਕਾ ਸਪਲੈਂਡਰ ਪਲੱਸ, ਇਕ ਮੋਟਰਸਾਈਕਲ ਮਾਰਕਾ ਪਲੈਟੀਨਾ, ਇਕ ਮੋਟਰਸਾਈਕਲ ਮਾਰਕਾ ਟੀਵੀਐੱਸ ਰੰਗ ਨੀਲਾ ਅਤੇ ਇਕ ਐਕਟਿਵਾ ਰੰਗ ਗਰੇਅ ਬਰਾਮਦ ਕੀਤੇ ਗਏ। ਜਿਸ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਮੁਕੱਦਮਾ ਵਿਚ ਜੁਰਮ 317(2) ਬੀਐੱਨਐੱਸ ਦਾ ਵਾਧਾ ਕੀਤਾ ਗਿਆ। ਪੁਲਿਸ ਅਨੁਸਾਰ ਮੁਲਜ਼ਮ ਹਰਮਨਜੀਤ ਸਿੰਘ ਉਰਫ਼ ਹਨੀ ਦੇ ਖ਼ਿਲਾਫ਼ ਪਹਿਲਾਂ ਤੋਂ ਮੁਕੱਦਮਾ ਨੰ. 37 ਮਿਤੀ 13 ਜੂਨ 2024 ਅਧੀਨ ਧਾਰਾ 379, 411 ਆਈਪੀਸੀ ਥਾਣਾ ਸਦਰ ਰੂਪਨਗਰ ਅਤੇ ਮੁਕੱਦਮਾ ਨੰ. 109 ਮਿਤੀ 15 ਜੂਨ 2024 ਅਧੀਨ ਧਾਰਾ 379, 411 ਆਈਪੀਸੀ ਥਾਣਾ ਸਿਟੀ ਰਾਜਪੁਰਾ ਦਰਜ ਹਨ।