ਸੀਆਈਏ ਸਟਾਫ਼ ਦੀ ਵੱਡੀ ਕਾਰਵਾਈ : ਇਕ ਮੁਲਜ਼ਮ ਗ੍ਰਿਫ਼ਤਾਰ, ਨਾਜਾਇਜ਼ ਪਿਸਤੌਲ ਸਣੇ 5 ਜਿੰਦਾ ਰੌਂਦ ਬਰਾਮਦ
ਸੀਆਈਏ ਸਟਾਫ਼ ਦੀ ਵੱਡੀ ਕਾਰਵਾਈ : ਇਕ ਮੁਲਜ਼ਮ ਗ੍ਰਿਫ਼ਤਾਰ, ਨਾਜਾਇਜ਼ ਪਿਸਤੌਲ ਸਣੇ 5 ਜਿੰਦਾ ਰੌਂਦ ਬਰਾਮਦ
Publish Date: Sat, 07 Mar 2026 06:14 PM (IST)
Updated Date: Sun, 08 Mar 2026 04:12 AM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਜ਼ਿਲ੍ਹਾ ਐੱਸਏਐੱਸ ਨਗਰ ਦੇ ਸੀਆਈਏ ਸਟਾਫ਼ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇਕ ਨਾਜਾਇਜ਼ ਪੁਆਇੰਟ 32 ਬੋਰ ਦਾ ਪਿਸਤੌਲ ਅਤੇ 05 ਜਿੰਦਾ ਰੌਂਦ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 05 ਮਾਰਚ 2026 ਨੂੰ ਸੀਆਈਏ ਦੀ ਟੀਮ ਖਰੜ–ਲੁਧਿਆਣਾ ਰੋਡ ਨੇੜੇ ਪਿੰਡ ਘੜੂਆਂ ਵਿਖੇ ਮੌਜੂਦ ਸੀ। ਇਸ ਦੌਰਾਨ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਦਲਵੀਰ ਸਿੰਘ ਉਰਫ਼ ਕਾਕਾ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਤਾਜਪੁਰਾ, ਜ਼ਿਲ੍ਹਾ ਰੋਪੜ ਜੋ ਆਪਣੇ ਕੋਲ ਨਾਜਾਇਜ਼ ਹਥਿਆਰ ਰੱਖਦਾ ਹੈ ਅਤੇ ਉਹ ਗੱਡੀ ਨੰਬਰ ਪੀਬੀ 65-ਐੱਸ-1112 ਮਾਰਕਾ ਸਕੋਡਾ ਰੈਪਿਡ (ਚਿੱਟਾ ਰੰਗ) ਵਿਚ ਸਵਾਰ ਹੋ ਕੇ ਮੋਰਿੰਡਾ ਵੱਲੋਂ ਖਰੜ ਵੱਲ ਆਵੇਗਾ। ਸੂਚਨਾ ਦੇ ਆਧਾਰ ’ਤੇ ਪੁਲਿਸ ਵੱਲੋਂ ਤੁਰੰਤ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਉਕਤ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਗਈ, ਇਸ ਦੌਰਾਨ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਸੀਆਈਏ ਸਟਾਫ਼ ਦੇ ਅਧਿਕਾਰੀ ਅਨੁਸਾਰ ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ ਇਕ ਨਾਜਾਇਜ਼ ਪੁਆਇੰਟ 32 ਬੋਰ ਪਿਸਤੌਲ ਅਤੇ 05 ਜਿੰਦਾ ਕਾਰਤੂਸ ਬਰਾਮਦ ਹੋਏ। ਇਸ ਸਬੰਧੀ ਮੁਕੱਦਮਾ ਨੰਬਰ 81 ਅਧੀਨ ਧਾਰਾ 25, 54 ਅਤੇ 59 ਅਸਲਾ ਐਕਟ ਥਾਣਾ ਸਦਰ ਖਰੜ, ਜ਼ਿਲ੍ਹਾ ਐੱਸਏਐੱਸ ਨਗਰ ਵਿਚ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁੱਛਗਿੱਛ ਦੌਰਾਨ ਖ਼ੁਲਾਸੇ : ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਦਲਵੀਰ ਸਿੰਘ ਉਰਫ਼ ਕਾਕਾ ਨੇ ਦੱਸਿਆ ਕਿ ਇਹ ਹਥਿਆਰ ਉਸ ਨੇ ਕਰੀਬ 7–8 ਮਹੀਨੇ ਪਹਿਲਾਂ ਖ਼ਰੀਦਿਆ ਸੀ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਚੋਰੀ ਅਤੇ ਲੜਾਈ-ਝਗੜੇ ਦੇ ਮਾਮਲੇ ਦਰਜ ਹਨ। ਇਸ ਮਾਮਲੇ ’ਚ ਮੁਲਜ਼ਮ ਦੇ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਹੋਰ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।