ਡੇਰਾਬੱਸੀ-ਬਰਵਾਲਾ ਰੋਡ 'ਤੇ ਵੱਡਾ ਹਾਦਸਾ ਟਲ਼ਿਆ, ਉਸਾਰੀ ਅਧੀਨ ਸੜਕ ਕਿਨਾਰੇ ਧੱਸਿਆ ਟਰੱਕ
ਡੇਰਾਬੱਸੀ-ਬਰਵਾਲਾ ਰੋਡ 'ਤੇ ਵੱਡਾ ਹਾਦਸਾ ਟਲਿਆ, ਉਸਾਰੀ ਅਧੀਨ ਸੜਕ ਕਿਨਾਰੇ ਧਸਿਆ ਟਰੱਕ
Publish Date: Thu, 12 Feb 2026 07:40 PM (IST)
Updated Date: Thu, 12 Feb 2026 07:41 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਬਰਵਾਲਾ ਮੁੱਖ ਮਾਰਗ ਤੇ ਉਸ ਸਮੇਂ ਇਕ ਭਿਆਨਕ ਹਾਦਸਾ ਹੋਣੋਂ ਬਚ ਗਿਆ, ਜਦੋਂ ਇਕ ਤੇਜ਼ ਰਫ਼ਤਾਰ ਟਰੱਕ ਸੜਕ ਕਿਨਾਰੇ ਬਣ ਰਹੀ ਨਵੀਂ ਉਸਾਰੀ ਕਾਰਨ ਨਰਮ ਹੋਈ ਮਿੱਟੀ ’ਚ ਅਚਾਨਕ ਧੱਸ ਗਿਆ। ਟਰੱਕ ਦੇ ਇਕ ਪਾਸੇ ਝੁਕਣ ਕਾਰਨ ਆਲੇ-ਦੁਆਲੇ ਦੇ ਲੋਕਾਂ ਵਿਚ ਭਾਜੜ ਮਚ ਗਈ, ਪਰ ਖ਼ੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਰਵਾਲਾ ਰੋਡ ਡੇਰਾਬੱਸੀ ਉਸਾਰੀ ਅਧੀਨ ਸੜਕ ਦੇ ਚੌੜੀ ਕਰਨ ਜਾਂ ਮੁਰੰਮਤ ਕਾਰਨ ਕਿਨਾਰਿਆਂ ਤੇ ਪੁੱਟੀ ਗਈ ਸੀ, ਜਿਸ ਕਾਰਨ ਟਰੱਕ ਦਾ ਇਕ ਪਾਸਾ ਬੁਰੀ ਤਰ੍ਹਾਂ ਮਿੱਟੀ ਵਿਚ ਦੱਬ ਗਿਆ, ਜਿਸ ਕਾਰਨ ਉਹ ਪਲਟਣ ਹੀ ਵਾਲਾ ਸੀ। ਇਸ ਮੌਕੇ ਤੇ ਮੌਜੂਦ ਰਾਹਗੀਰਾਂ ਅਤੇ ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਵਿਰੁੱਧ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੜਕ ਦੀ ਉਸਾਰੀ ਦੌਰਾਨ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ ਗਏ। ਕਿਨਾਰਿਆਂ ਤੇ ਕੋਈ ਚਿਤਾਵਨੀ ਬੋਰਡ ਜਾਂ ਬੈਰੀਕੇਡ ਨਹੀਂ ਲਗਾਏ ਗਏ, ਜਿਸ ਕਾਰਨ ਡਰਾਈਵਰਾਂ ਨੂੰ ਖ਼ਤਰੇ ਦਾ ਪਤਾ ਨਹੀਂ ਲੱਗਦਾ। ਰਾਤ ਦੇ ਸਮੇਂ ਇੱਥੇ ਹਾਦਸਿਆਂ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਤਾਂ ਸ਼ੁਕਰ ਹੈ ਕਿ ਟਰੱਕ ਸੜਕ ਦੇ ਦੂਜੇ ਪਾਸੇ ਨਹੀਂ ਪਲਟਿਆ, ਨਹੀਂ ਤਾਂ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਸੀ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਸਾਰੀ ਦੇ ਕੰਮ ਨੂੰ ਜਲਦੀ ਮੁਕੰਮਲ ਕਰੇ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਏ। ਇਸ ਘਟਨਾ ਤੋਂ ਬਾਅਦ ਸੜਕ ਤੇ ਕਾਫ਼ੀ ਦੇਰ ਤੱਕ ਆਵਾਜਾਈ ਪ੍ਰਭਾਵਿਤ ਰਹੀ। ਬਾਅਦ ਵਿਚ ਕਰੇਨ ਦੀ ਮਦਦ ਨਾਲ ਟਰੱਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ।