ਮੁਬਾਰਕਪੁਰ ਬੱਸ ਸਟੈਂਡ ਨੇੜੇ ਵੱਡਾ ਹਾਦਸਾ ਟਲਿਆ
ਮੁਬਾਰਕਪੁਰ ਬੱਸ ਸਟੈਂਡ ਨੇੜੇ ਵੱਡਾ ਹਾਦਸਾ ਟਲਿਆ,
Publish Date: Sun, 11 Jan 2026 06:22 PM (IST)
Updated Date: Sun, 11 Jan 2026 06:24 PM (IST)

ਟਰੱਕ ਨਾਲ ਫਸ ਕੇ ਬਿਜਲੀ ਦੀ ਤਾਰ ਟੁੱਟੀ, ਲੰਮਾ ਟ੍ਰੈਫਿਕ ਜਾਮ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮੁਬਾਰਕਪੁਰ ਬੱਸ ਸਟੈਂਡ ਦੇ ਨੇੜੇ ਉਸ ਸਮੇਂ ਇਕ ਭਿਆਨਕ ਹਾਦਸਾ ਹੋਣੋਂ ਬਚ ਗਿਆ, ਜਦੋਂ ਇਕ ਲੰਘ ਰਹੇ ਟਰੱਕ ਨਾਲ ਫਸ ਕੇ ਬਿਜਲੀ ਦੀ ਸਪਲਾਈ ਵਾਲੀਆਂ ਹਾਈ-ਵੋਲਟੇਜ ਤਾਰ ਅਚਾਨਕ ਟੁੱਟ ਕੇ ਸੜਕ ਤੇ ਡਿੱਗ ਗਈ। ਖ਼ੁਸ਼ਕਿਸਮਤੀ ਰਹੀ ਕਿ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਕਾਰਨ ਇਲਾਕੇ ਦੀ ਬਿਜਲੀ ਗੁੱਲ ਹੋ ਗਈ ਅਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਉੱਚਾ ਟਰੱਕ ਮੁਬਾਰਕਪੁਰ ਬੱਸ ਸਟੈਂਡ ਤੋਂ ਗੁਜ਼ਰ ਰਿਹਾ ਸੀ ਕਿ ਅਚਾਨਕ ਸੜਕ ਦੇ ਉੱਪਰੋਂ ਲੰਘ ਰਹੀ ਬਿਜਲੀ ਦੀ ਤਾਰ ਟਰੱਕ ਦੇ ਉਪਰਲੇ ਹਿੱਸੇ ਵਿਚ ਫਸ ਗਈ। ਖਿੱਚ ਪੈਣ ਕਾਰਨ ਤਾਰ ਟੁੱਟ ਕੇ ਸੜਕ ਤੇ ਆ ਡਿੱਗੀ। ਤਾਰ ਟੁੱਟਣ ਸਮੇਂ ਜ਼ੋਰਦਾਰ ਧਮਾਕਾ ਹੋਇਆ ਅਤੇ ਚੰਗਿਆੜੀਆਂ ਨਿਕਲੀਆਂ, ਜਿਸ ਕਾਰਨ ਆਲੇ-ਦੁਆਲੇ ਦੇ ਲੋਕਾਂ ਵਿਚ ਭਾਜੜ ਮਚ ਗਈ। ਇਸ ਘਟਨਾ ਤੋਂ ਤੁਰੰਤ ਬਾਅਦ ਮੁਬਾਰਕਪੁਰ ਤੋਂ ਲੈ ਕੇ ਢਕੌਲੀ (ਜ਼ੀਰਕਪੁਰ) ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਸੜਕ ਦੇ ਵਿਚਕਾਰ ਤਾਰ ਪਈ ਹੋਣ ਕਾਰਨ ਦੋਵਾਂ ਪਾਸਿਆਂ ਦੀ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ, ਜਿਸ ਕਾਰਨ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਪੁਲਿਸ ਕਰਮਚਾਰੀਆਂ ਨੇ ਸਭ ਤੋਂ ਪਹਿਲਾਂ ਬਿਜਲੀ ਵਿਭਾਗ ਨੂੰ ਸੂਚਿਤ ਕਰਕੇ ਸਪਲਾਈ ਬੰਦ ਕਰਵਾਈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਪੁਲਿਸ ਵੱਲੋਂ ਟ੍ਰੈਫਿਕ ਨੂੰ ਡਾਇਵਰਟ ਕਰਨ ਅਤੇ ਜਾਮ ਖੁਲ੍ਹਵਾਉਣ ਦੇ ਯਤਨ ਕੀਤੇ ਗਏ। ਬਿਜਲੀ ਵਿਭਾਗ ਦੀ ਟੀਮ ਤਾਰਾਂ ਦੀ ਮੁਰੰਮਤ ਵਿਚ ਜੁਟੀ ਹੋਈ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟ੍ਰੈਫਿਕ ਬਹਾਲ ਕਰਨੀ ਸ਼ੁਰੂ ਕਰ ਦਿੱਤੀ।