ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ’ਚ ਲੋਹੜੀ ਦਾ ਤਿਉਹਾਰ ਉਤਸ਼ਾਹ ਤੇ ਖ਼ੁਸ਼ੀ ਨਾਲ ਮਨਾਇਆ
ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਚ ਲੋਹੜੀ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ,
Publish Date: Tue, 13 Jan 2026 05:59 PM (IST)
Updated Date: Tue, 13 Jan 2026 06:00 PM (IST)

ਚੇਅਰਮੈਨ ਹਰਚੰਦ ਬਰਸਟ ਵੱਲੋਂ ਸਾਰਿਆਂ ਨੂੰ ਲੋਹੜੀ ਦੀ ਮੁਬਾਰਕਾਂ ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ’ਚ ਲੋਹੜੀ ਦਾ ਤਿਉਹਾਰ ਪੂਰੇ ਉਤਸ਼ਾਹ, ਖੁਸ਼ੀ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਸਮਾਗਮ ’ਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਲੋਹੜੀ ਬਾਲ਼ੀ ਗਈ ਅਤੇ ਮੂੰਗਫਲੀ, ਰਿਓੜੀਆਂ ਅਤੇ ਤਿੱਲ ਪਾ ਕੇ ਮੰਡੀ ਬੋਰਡ ਦੀ ਚੜ੍ਹਦੀਕਲਾ ਅਤੇ ਸਾਰਿਆਂ ਦੀ ਸੁਖ-ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਬਰਸਟ ਨੇ ਸਾਰਿਆਂ ਨੂੰ ਲੋਹੜੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਲੋਹੜੀ ਪੰਜਾਬੀ ਸਭਿਆਚਾਰ ਦਾ ਮਹੱਤਵਪੂਰਨ ਤਿਉਹਾਰ ਹੈ, ਜੋ ਭਾਈਚਾਰੇ, ਏਕਤਾ ਅਤੇ ਆਪਸੀ ਸਾਂਝ ਦਾ ਪ੍ਰਤੀਕ ਹੈ। ਅਜਿਹੇ ਤਿਉਹਾਰ ਹੀ ਸਾਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਦੇ ਹਨ ਅਤੇ ਸਮਾਜ ਵਿਚ ਆਪਸੀ ਸਾਂਝ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਦਫ਼ਤਰ ਦੇ ਮਾਹੌਲ ਨੂੰ ਸੁਖਦ ਬਣਾਉਂਦੇ ਹਨ ਅਤੇ ਅਧਿਕਾਰੀ ਤੇ ਕਰਮਚਾਰੀਆਂ ਵਿਚ ਆਪਸੀ ਸਹਿਯੋਗ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਸਮਾਗਮ ਦੌਰਾਨ ਲੋਹੜੀ ਦੇ ਰਵਾਇਤੀ ਗੀਤ ਗਾਏ ਗਏ, ਜਿਸ ਨਾਲ ਪੂਰਾ ਮਾਹੌਲ ਖੁਸ਼ਨੁਮਾ ਬਣ ਗਿਆ। ਇਸ ਮੌਕੇ ਰੇਵੜੀਆਂ, ਮੂੰਗਫਲੀ ਅਤੇ ਗੱਜਕ ਵੀ ਵੰਡੀਆਂ ਗਈਆਂ। ਸਮਾਗਮ ਵਿਚ ਜਤਿੰਦਰ ਸਿੰਘ ਭੰਗੂ ਇੰਜੀਨੀਅਰ ਇਨ ਚੀਫ਼, ਹਰਜੀਤ ਸਿੰਘ ਸੰਧੂ ਸੰਯੁਕਤ ਸਕੱਤਰ ਅਤੇ ਸਮੂਹ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ।