ਮੌਤ ਦੇ ਕਾਜ਼ਵੇਅ ’ਤੇ ਦੌੜ ਰਹੀਆਂ ਨੇ ਜ਼ਿੰਦਗੀਆਂ : ਢਕੌਲੀ-ਮੁਬਾਰਕਪੁਰ ਰੋਡ ਹੇਠੋਂ ਖੋਖਲੀ, ਵੱਡੇ ਹਾਦਸੇ ਦਾ ਖ਼ਤਰਾ
ਮੌਤ ਦੇ ਕਾਜ਼ਵੇਅ 'ਤੇ ਦੌੜ ਰਹੀਆਂ ਹਨ ਜ਼ਿੰਦਗੀਆਂ: ਢਕੌਲੀ-ਮੁਬਾਰਕਪੁਰ ਰੋਡ ਹੇਠੋਂ ਖੋਖਲੀ, ਵੱਡੇ ਹਾਦਸੇ ਦਾ ਖ਼ਤਰਾ
Publish Date: Mon, 16 Mar 2026 08:05 PM (IST)
Updated Date: Mon, 16 Mar 2026 08:07 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਢਕੌਲੀ ਤੋਂ ਮੁਬਾਰਕਪੁਰ ਨੂੰ ਜੋੜਨ ਵਾਲੀ ਮੁੱਖ ਸੜਕ ’ਤੇ ਬਣਿਆ ਘੱਗਰ ਨਦੀ ਦਾ ਕਾਜ਼ਵੇਅ (ਪੁਲ਼ੀ) ਇਸ ਵੇਲੇ ਕਿਸੇ ਭਿਆਨਕ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਹੋਏ ਕਟਾਅ ਨੇ ਸੜਕ ਦੇ ਇਕ ਵੱਡੇ ਹਿੱਸੇ ਨੂੰ ਅੰਦਰੋਂ ਬਿਲਕੁਲ ਖੋਖਲਾ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉੱਪਰੋਂ ਦੇਖਣ ਨੂੰ ਚਕਾਚੱਕ ਲੱਗ ਰਹੀ ਇਹ ਸੜਕ ਅੰਦਰੋਂ ਮਿੱਟੀ ਖ਼ਤਮ ਹੋ ਚੁੱਕੀ ਹੈ, ਜਿਸ ਕਾਰਨ ਲੁੱਕ ਦੀ ਸਿਰਫ ਇਕ ਪਤਲੀ ਪਰਤ ਹੇਠੋਂ ਸਹਾਰਾ ਖ਼ਤਮ ਹੋ ਚੁੱਕਾ ਹੈ। ਕੰਬ ਰਹੀ ਹੈ ਸੜਕ, ਪ੍ਰਸ਼ਾਸਨ ਗੂੜ੍ਹੀ ਨੀਂਦ : ਇਸ ਰਸਤੇ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਛੋਟੇ-ਵੱਡੇ ਵਾਹਨ ਲੰਘਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਭਾਰੀ ਵਾਹਨ ਇੱਥੋਂ ਲੰਘਦਾ ਹੈ, ਤਾਂ ਸੜਕ ’ਤੇ ਭਾਰੀ ਕੰਬਣੀ ਮਹਿਸੂਸ ਹੁੰਦੀ ਹੈ। ਲੋਕਾਂ ਨੂੰ ਡਰ ਹੈ ਕਿ ਜੇਕਰ ਕੋਈ ਵਾਹਨ ਕਿਨਾਰੇ ਦੇ ਨੇੜੇ ਗਿਆ, ਤਾਂ ਸੜਕ ਕਿਸੇ ਵੀ ਵੇਲੇ ਧਸ ਸਕਦੀ ਹੈ ਅਤੇ ਵਾਹਨ ਸਿੱਧਾ ਨਦੀ ਵਿਚ ਜਾ ਡਿੱਗੇਗਾ। ਪ੍ਰਸ਼ਾਸਨ ਦੀ ਇਸ ‘ਚੁੱਪ’ ਨੇ ਲੋਕਾਂ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਸਿਰਫ਼ ‘ਬੋਰੀਆਂ’ ਦੇ ਸਹਾਰੇ ਡੰਗ-ਟਪਾਊ ਨੀਤੀ : ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਹਰ ਸਾਲ ਮੌਨਸੂਨ ਵੇਲੇ ਇਹ ਸਮੱਸਿਆ ਆਉਂਦੀ ਹੈ, ਪਰ ਵਿਭਾਗ ਸਿਰਫ਼ ਮਿੱਟੀ ਦੀਆਂ ਬੋਰੀਆਂ ਰੱਖ ਕੇ ਖਾਨਾਪੂਰਤੀ ਕਰ ਦਿੰਦਾ ਹੈ। ਇਸ ਵਾਰ ਸਥਿਤੀ ਪਹਿਲਾਂ ਨਾਲੋਂ ਜ਼ਿਆਦਾ ਗੰਭੀਰ ਹੈ। ਸਭ ਤੋਂ ਵੱਧ ਖ਼ਤਰਾ ਰਾਤ ਦੇ ਸਮੇਂ ਦੋਪਹੀਆ ਵਾਹਨ ਚਾਲਕਾਂ ਨੂੰ ਹੈ, ਕਿਉਂਕਿ ਨਾ ਤਾਂ ਇੱਥੇ ਕੋਈ ਚਿਤਾਵਨੀ ਬੋਰਡ ਲਾਇਆ ਗਿਆ ਹੈ ਅਤੇ ਨਾ ਹੀ ਬੈਰੀਕੇਡਿੰਗ ਕੀਤੀ ਗਈ ਹੈ। ਮੁੱਖ ਮੰਗਾਂ : ਸੁਰੱਖਿਆ ਲਈ ਤੁਰੰਤ ‘ਰਿਟੇਨਿੰਗ ਵਾਲ’ (ਸੁਰੱਖਿਆ ਕੰਧ) ਬਣਾਈ ਜਾਵੇ। ਰਾਤ ਦੇ ਸਮੇਂ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਲਾਈਟਾਂ ਅਤੇ ਚਿਤਾਵਨੀ ਚਿੰਨ੍ਹ ਲਾਏ ਜਾਣ। ਨਵੇਂ ਵੱਡੇ ਪੁਲ਼ ਦਾ ਨਿਰਮਾਣ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ। ----- ਇਸ ਥਾਂ ’ਤੇ ਨਵਾਂ ਪੁਲ ਬਣਾਉਣ ਲਈ ਸਾਰੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਕੁਝ ਤਕਨੀਕੀ ਕਾਰਨਾਂ ਕਰ ਕੇ ਕੰਮ ਸ਼ੁਰੂ ਹੋਣ ਵਿਚ ਦੇਰੀ ਹੋਈ ਹੈ, ਪਰ ਜਲਦੀ ਹੀ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ। ਫਿਲਹਾਲ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਾਜ਼ਵੇਅ ਦੀ ਆਰਜ਼ੀ ਮੁਰੰਮਤ ਕਰਵਾਈ ਜਾਵੇਗੀ ਅਤੇ ਸੁਰੱਖਿਆ ਚਿੰਨ੍ਹ ਵੀ ਲਗਾ ਦਿੱਤੇ ਜਾਣਗੇ। - ਗੁਲਾਬ ਸਿੰਘ ਜੇਈ, ਪੀਡਬਲਯੂਡੀ।