ਬਿਜਲੀ ਦਾ ਕੰਮ ਕਰਦੇ ਲਾਈਨਮੈਨ ਨੂੰ ਲੱਗਿਆ ਕਰੰਟ, ਠੇਕੇਦਾਰ ’ਤੇ ਅਣਗਹਿਲੀ ਦੇ ਇਲਜ਼ਾਮ
ਬਿਜਲੀ ਦਾ ਕੰਮ ਕਰਦੇ ਲਾਈਨਮੈਨ ਨੂੰ ਲੱਗਿਆ ਕਰੰਟ;
Publish Date: Mon, 09 Feb 2026 07:40 PM (IST)
Updated Date: Mon, 09 Feb 2026 07:41 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਪਿੰਡ ਪੰਡਵਾਲਾ ਵਿਖੇ ਬਿਜਲੀ ਦੀ ਲਾਈਨ ਦੀ ਮੁਰੰਮਤ ਕਰਦੇ ਸਮੇਂ ਇੱਕ ਲਾਈਨਮੈਨ ਦੇ ਗੰਭੀਰ ਰੂਪ ਵਿਚ ਝੁਲਸੇ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਠੇਕੇਦਾਰ ਦੀ ਕਥਿਤ ਲਾਪ੍ਰਵਾਹੀ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੀੜਤ ਲਾਈਨਮੈਨ ਨੀਰਜ ਕੁਮਾਰ ਪੁੱਤਰ ਭੁਪਿੰਦਰ ਪਾਲ ਵਾਸੀ ਪਿੰਡ ਬਹਾਦਰਗੜ੍ਹ ਨੇੜੇ ਨਿੰਬੂਆ ਦਾ ਰਹਿਣ ਵਾਲਾ ਹੈ। ਉਹ ਬੀਤੇ ਕੱਲ੍ਹ ਪਿੰਡ ਪੰਡਵਾਲਾ ਵਿਚ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਰ ਰਿਹਾ ਸੀ। ਕੰਮ ਦੌਰਾਨ ਅਚਾਨਕ ਬਿਜਲੀ ਦੀ ਸਪਲਾਈ ਆਉਣ ਕਾਰਨ ਉਸ ਨੂੰ ਜ਼ੋਰਦਾਰ ਕਰੰਟ ਲੱਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਅਤੇ ਸਾਥੀ ਕਰਮਚਾਰੀਆਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੀੜਤ ਦੇ ਸਾਥੀਆਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਕੰਮ ਦੌਰਾਨ ਮੁਲਾਜ਼ਮਾਂ ਕੋਲ ਪੂਰੇ ਸੁਰੱਖਿਆ ਸਾਧਨ ਮੌਜੂਦ ਨਹੀਂ ਸਨ। ਠੇਕੇਦਾਰ ਵੱਲੋਂ ਬਿਜਲੀ ਦੀ ਸਪਲਾਈ ਕੱਟਣ (ਸ਼ੱਟ-ਡਾਊਨ) ਬਾਰੇ ਸਹੀ ਤਾਲਮੇਲ ਨਹੀਂ ਰੱਖਿਆ ਗਿਆ, ਜਿਸ ਕਾਰਨ ਲਾਈਨ ਵਿਚ ਕਰੰਟ ਆ ਗਿਆ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਸਿੱਧਾ ਮਨੁੱਖੀ ਜਾਨ ਨਾਲ ਖਿਲਵਾੜ ਹੈ। ਇਸ ਨੂੰ ਲੈ ਕੇ ਸੋਮਵਾਰ ਪਾਵਰਕਾਮ ਵਿਭਾਗ ਵਿਚ ਕੰਮ ਕਰਦੇ ਮੁਲਾਜ਼ਮਾਂ ਨੇ ਮੁਬਾਰਕਪੁਰ ਪਾਵਰਕਾਮ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਵਿਭਾਗ ਵੱਲੋਂ ਇਸ ਮਾਮਲੇ ਦੀ ਅੰਦਰੂਨੀ ਜਾਂਚ ਦੇ ਹੁਕਮ ਦਿੱਤੇ ਜਾ ਸਕਦੇ ਹਨ।