ਲਾਰੈਂਸ ਗੈਂਗ ਨੇ ਗਾਇਕ ਬੀ-ਪਰਾਕ ਤੋਂ 10 ਕਰੋੜ ਦੀ ਫਿਰੌਤੀ ਮੰਗੀ, ਮੁਹਾਲੀ ਪੁਲਿਸ ਵੱਲੋਂ ਜਾਂਚ ਸ਼ੁਰੂ
ਲਾਰੈਂਸ ਗੈਂਗ ਵੱਲੋਂ ਬਾਲੀਵੁੱਡ ਸਿੰਗਰ ਬੀ-ਪਰਾਕ ਤੋਂ 10 ਕਰੋੜ ਦੀ ਫਿਰੌਤੀ ਦੀ ਮੰਗ
Publish Date: Sat, 17 Jan 2026 06:58 PM (IST)
Updated Date: Sun, 18 Jan 2026 04:16 AM (IST)

ਫੋਟੋ ਕੈਪਸ਼ਨ : ਸਿੰਗਰ ਬੀ-ਪਰਾਕ। 3ਪੀ ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਬਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਬੀ-ਪਰਾਕ ਨੂੰ ਲਾਰੈਂਸ ਗੈਂਗ ਵੱਲੋਂ 10 ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਦਿੱਤੀ ਗਈ ਹੈ। ਗੈਂਗਸਟਰ ਆਰਜ਼ੂ ਬਿਸ਼ਨੋਈ ਨੇ ਬੀ-ਪਰਾਕ ਦੇ ਕਰੀਬੀ ਸਾਥੀ ਤੇ ਗਾਇਕ ਦਿਲਨੂਰ ਬਬਲੂ ਨੂੰ ਵਾਇਸ ਮੈਸੇਜ ਭੇਜ ਕੇ ਇਹ ਧਮਕੀ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ’ਚ ਸ਼ਿਕਾਇਤ ਦਰਜ ਕਰ ਕੇ ਸਾਈਬਰ ਕ੍ਰਾਈਮ ਬ੍ਰਾਂਚ ਰਾਹੀਂ ਜਾਂਚ ਤੇਜ਼ ਕਰ ਦਿੱਤੀ ਹੈ। ਸੈਕਟਰ-99 ਮੁਹਾਲੀ ਵਾਸੀ ਗਾਇਕ ਦਿਲਨੂਰ ਨੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਫੋਨ ਆ ਰਹੇ ਸਨ। 6 ਜਨਵਰੀ ਨੂੰ ਆਰਜ਼ੂ ਬਿਸ਼ਨੋਈ ਨੇ ਵ੍ਹਟਸਐੱਪ ਤੇ ਇਕ ਵਾਇਸ ਮੈਸੇਜ ਭੇਜਿਆ, ਜਿਸ ’ਚ ਕਿਹਾ ਗਿਆ ਕਿ ਆਪਣੇ ਦੋਸਤ ਬੀ-ਪਰਾਕ ਨੂੰ ਕਹਿ ਦੇ ਕਿ ਸਾਨੂੰ 10 ਕਰੋੜ ਰੁਪਏ ਦੇ ਦੇਵੇ। ਤੁਹਾਡੇ ਕੋਲ ਇਕ ਹਫ਼ਤੇ ਦਾ ਸਮਾਂ ਹੈ। ਜੇਕਰ ਸਾਡੇ ਨਾਲ ਮਿਲ ਕੇ ਨਾ ਚੱਲੇ ਤਾਂ ਚਾਹੇ ਕਿਸੇ ਵੀ ਮੁਲਕ ਵਿਚ ਚਲੇ ਜਾਓ, ਮਿੱਟੀ ਵਿਚ ਮਿਲਾ ਦਿਆਂਗੇ। ਦਿਲਨੂਰ ਨੇ ਮੁਹਾਲੀ ਦੇ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਪਣੀ ਅਤੇ ਬੀ-ਪਰਾਕ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ। ਉਸ ਨੇ ਕਿਹਾ ਕਿ ਇਸ ਧਮਕੀ ਕਾਰਨ ਉਹ ਘਰੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ। ਦਿਲਨੂਰ ਮੁਤਾਬਕ, ਸ਼ੂਟਿੰਗ ਅਤੇ ਸ਼ੋਅਜ਼ ਲਈ ਉਨ੍ਹਾਂ ਨੂੰ ਅਕਸਰ ਬਾਹਰ ਜਾਣਾ ਪੈਂਦਾ ਹੈ, ਇਸ ਲਈ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਮੁਹਾਲੀ ਪੁਲਿਸ ਨੇ ਗਾਇਕ ਬੀ-ਪਰਾਕ ਦੀ ਸੁਰੱਖਿਆ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਸਾਈਬਰ ਕਰਾਈਮ ਬਰਾਂਚ ਨੰਬਰਾਂ ਦੀ ਡਿਟੇਲ ਖੰਗਾਲ ਰਹੀ ਹੈ।