ਲਾਲੜੂ ਬਰਾਂਚ ਵੱਲੋਂ ਚੌਧਰੀ ਮੁਹੰਮਦ ਸਦੀਕ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਲਾਲੜੂ ਬਰਾਂਚ ਵੱਲੋਂ ਚੌਧਰੀ ਮੁਹੰਮਦ ਸਦੀਕ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
Publish Date: Thu, 22 Jan 2026 05:34 PM (IST)
Updated Date: Thu, 22 Jan 2026 05:36 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਸਾਰੀ ਉਮਰ ਸੀਪੀਆਈ (ਐੱਮ) ਦੇ ਲੇਖੇ ਲਾਉਣ ਵਾਲੇ ਸਿਧਾਂਤਕ ਕਮਿਊਨਿਸਟ ਆਗੂ ਚੌਧਰੀ ਮੁਹੰਮਦ ਸਦੀਕ ਦੇ ਦੇਹਾਂਤ ’ਤੇ ਸੀਪੀਆਈ (ਐੱਮ) ਦੀ ਲਾਲੜੂ ਬਰਾਂਚ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਸਬੰਧੀ ਬਰਾਂਚ ਦੀ ਬੈਠਕ ’ਚ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਚੌਧਰੀ ਮੁਹੰਮਦ ਸਦੀਕ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਚੌਧਰੀ ਮੁਹੰਮਦ ਸਦੀਕ ਨਾਲ ਪਟਿਆਲਾ ਜ਼ਿਲ੍ਹਾ ਕਮੇਟੀ ਵਿਚ ਇਕੱਠੇ ਰਹੇ ਕਾਮਰੇਡ ਲਾਭ ਸਿੰਘ ਤੇ ਕਾਮਰੇਡ ਕੌਲ ਸਿੰਘ ਨੇ ਕਿਹਾ ਕਿ ਚੌਧਰੀ ਸਾਹਿਬ ਬੇਹੱਦ ਨਫੀਸ ਸ਼ਖ਼ਸੀਅਤ ਦੇ ਮਾਲਕ ਸਨ ਤੇ ਉਨ੍ਹਾਂ ਲੰਮਾ ਸਮਾਂ ਪਾਰਟੀ ਤੇ ਸਮਾਜ ਲਈ ਵੱਡਾ ਯੋਗਦਾਨ ਪਾਇਆ ਸੀ। ਉਨ੍ਹਾਂ ਕਿਹਾ ਕਿ ਆਪਣੇ ਜੀਵਨ ਦੌਰਾਨ ਉਹ ਕਦੇ ਵੀ ਪਾਰਟੀ ਸਿਧਾਂਤਾਂ ਤੋਂ ਥਿੜਕੇ ਨਹੀਂ ਸਨ ਤੇ ਦੁਨੀਆ ਵਿਚ ਅਜਿਹੇ ਇਨਸਾਨ ਵਿਰਲੇ ਹੀ ਪੈਦਾ ਹੁੰਦੇ ਹਨ, ਜੋ ਸਮਾਜਿਕ ਸਰੋਕਾਰਾਂ ਨੂੰ ਪੂਰੀ ਅਹਿਮੀਅਤ ਦਿੰਦਿਆਂ ਹਮੇਸ਼ਾ ਆਪਣੇ ਵਿਚਾਰ ਨਾਲ ਖੜ੍ਹੇ ਰਹਿੰਦੇ ਸਨ। ਬੈਠਕ ਦੌਰਾਨ ਬਰਾਂਚ ਦੇ ਹੋਰਨਾਂ ਮੈਂਬਰਾਂ ਨੇ ਕਿਹਾ ਕਿ ਚੌਧਰੀ ਸਾਹਿਬ ਜਿੱਥੇ ਵਧੀਆ ਇਨਸਾਨ ਸਨ, ਉੱਥੇ ਹੀ ਨਵੇਂ ਕਮਿਊਨਿਸਟਾਂ ਲਈ ਪ੍ਰੇਰਨਾ ਸਰੋਤ ਵੀ ਸਨ ਤੇ ਲਾਲੜੂ ਬਰਾਂਚ ਨਾਲ ਉਨ੍ਹਾਂ ਦਾ ਵੱਖਰਾ ਹੀ ਮੋਹ ਤੇ ਨੇੜਤਾ ਸੀ। ਬਰਾਂਚ ਮੈਂਬਰਾਂ ਨੇ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਉਹ ਚੌਧਰੀ ਮੁਹੰਮਦ ਸਦੀਕ ਦੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਪੂਰੀ ਤਰ੍ਹਾਂ ਪਰਿਵਾਰ ਦੇ ਨਾਲ ਹਨ। ਇਸ ਬੈਠਕ ਵਿਚ ਕਾਮਰੇਡ ਚੰਦਰਪਾਲ ਅੱਤਰੀ, ਕਾਮਰੇਡ ਨੰਦ ਕਿਸ਼ੋਰ, ਕਾਮਰੇਡ ਬਲਜੀਤ ਸਿੰਘ ਤੇ ਕਾਮਰੇਡ ਮਨਦੀਪ ਸਿੰਘ ਆਦਿ ਨੇ ਵੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।