ਕੀਆ ਇੰਡੀਆ ਨੇ 'ਪ੍ਰਾਜੈਕਟ ਡੀਆਰਓਪੀ' ਦੇ ਤੀਜੇ ਪੜਾਅ ਦਾ ਕੀਤਾ ਸਫ਼ਲਤਾਪੂਰਵਕ ਸਮਾਪਨ
ਕੀਆ ਇੰਡੀਆ ਨੇ 'ਪ੍ਰੋਜੈਕਟ ਡੀਆਰਓਪੀ' ਦੇ ਤੀਜੇ ਪੜਾਅ ਦਾ ਕੀਤਾ ਸਫ਼ਲਤਾਪੂਰਵਕ ਸਮਾਪਨ, ਪਲਾਸਟਿਕ ਪ੍ਰਦੂਸ਼ਣ ਵਿਰੁੱਧ ਸਮੂਹਿਕ ਯਤਨਾਂ ਨੂੰ ਦਿੱਤੀ ਮਾਨਤਾ
Publish Date: Fri, 30 Jan 2026 06:53 PM (IST)
Updated Date: Fri, 30 Jan 2026 06:55 PM (IST)

ਪਲਾਸਟਿਕ ਪ੍ਰਦੂਸ਼ਣ ਵਿਰੁੱਧ ਸਮੂਹਿਕ ਯਤਨਾਂ ਨੂੰ ਦਿੱਤੀ ਮਾਨਤਾ ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਵਾਤਾਵਰਨ ਦੀ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਮੁੱਖ ਰੱਖਦਿਆਂ, ਕੀਆ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਇੰਡੀਅਨ ਪੋਲਿਊਸ਼ਨ ਕੰਟਰੋਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਜ਼ੀਰਕਪੁਰ ਵਿਖੇ ਇਕ ਵਿਸ਼ੇਸ਼ ਸਮਾਪਤੀ ਸਮਾਰੋਹ ਅਤੇ ਪੈਨਲ ਚਰਚਾ ਦਾ ਆਯੋਜਨ ਕੀਤਾ। ਇਹ ਸਮਾਗਮ ਪ੍ਰੋਜੈਕਟ ਡੀਆਰਓਪੀ (ਪਲਾਸਟਿਕ ਲਈ ਜ਼ਿੰਮੇਵਾਰ ਦ੍ਰਿਸ਼ਟੀਕੋਣ ਵਿਕਸਤ ਕਰੋ) ਦੇ ਤੀਜੇ ਪੜਾਅ ਦੀ ਸਫ਼ਲਤਾ ਦਾ ਜਸ਼ਨ ਮਨਾਉਣ ਲਈ ਕਰਵਾਇਆ ਗਿਆ, ਜਿਸ ਨੇ ਟ੍ਰਾਈ-ਸਿਟੀ (ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ) ਖੇਤਰ ਵਿਚ ਪਲਾਸਟਿਕ ਰਹਿੰਦ-ਖੂੰਹਦ ਪ੍ਰਬੰਧਨ ਲਈ ਨਵੇਂ ਮਾਪਦੰਡ ਸਥਾਪਤ ਕੀਤੇ ਹਨ। ਸਮਾਰੋਹ ਵਿਚ ਟ੍ਰਾਈ-ਸਿਟੀ ਦੇ 211 ਵੱਖ-ਵੱਖ ਸਥਾਨਾਂ ਤੋਂ 200 ਤੋਂ ਵੱਧ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿਚ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਸਕੂਲ, ਕਾਲਜ ਅਤੇ ਕਈ ਹੋਰ ਸੰਸਥਾਵਾਂ ਸ਼ਾਮਲ ਸਨ। ਪ੍ਰੋਜੈਕਟ ਦੇ ਤਹਿਤ ਕੂੜੇ ਨੂੰ ਵੱਖ ਕਰਨ ਅਤੇ ਸਿੰਗਲ-ਯੂਜ਼ ਪਲਾਸਟਿਕ ਨੂੰ ਘਟਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸੰਸਥਾਵਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਇਕ ਪੈਨਲ ਚਰਚਾ ਵੀ ਹੋਈ, ਜਿਸ ਵਿਚ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਸਾਇੰਟਿਫਿਕ ਅਫ਼ਸਰ ਕ੍ਰਿਸ਼ਨ ਕਾਂਤ ਸਿੰਗਲਾ, ਸਿਲਵਰ ਸਿਟੀ ਥੀਮਜ਼ ਦੇ ਜਨਰਲ ਸਕੱਤਰ ਰਾਜਵੀਰ ਵਾਲੀਆ ਅਤੇ ਹੋਰ ਕਈ ਮਾਹਰਾਂ ਨੇ ਹਿੱਸਾ ਲਿਆ। ਚਰਚਾ ਦਾ ਮੁੱਖ ਕੇਂਦਰ ਪਲਾਸਟਿਕ ਰਹਿੰਦ-ਖੂੰਹਦ ਦੇ ਟਿਕਾਊ ਹੱਲ ਅਤੇ ਨਗਰ ਨਿਗਮਾਂ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਰਿਹਾ। ਕੀਆ ਇੰਡੀਆ ਦੇ ਸੇਲਜ਼ ਅਤੇ ਮਾਰਕੀਟਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਤੁਲ ਸੂਦ ਨੇ ਕਿਹਾ, ਸਥਿਰਤਾ ਸਾਡੇ ਦ੍ਰਿਸ਼ਟੀਕੋਣ ਦਾ ਅਹਿਮ ਹਿੱਸਾ ਹੈ। ਪ੍ਰੋਜੈਕਟ ਡੀਆਰਓਪੀ ਰਾਹੀਂ ਅਸੀਂ ਲੋਕਾਂ ਦੇ ਵਿਵਹਾਰ ਵਿਚ ਸਕਾਰਾਤਮਕ ਤਬਦੀਲੀ ਲਿਆਉਣ ਵਿਚ ਸਫ਼ਲ ਹੋਏ ਹਾਂ। ਇਹ ਪੜਾਅ ਸਾਡੀ ਸਾਂਝੀ ਜਿੱਤ ਹੈ ਅਤੇ ਅਸੀਂ ਅਗਲੇ ਪੜਾਅ ਲਈ ਤਿਆਰ ਹਾਂ। ਇਹ ਮੁਹਿੰਮ ਨਾ ਸਿਰਫ਼ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਮਦਦ ਕਰ ਰਹੀ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਿੰਮੇਵਾਰ ਬਣਾਉਣ ਲਈ ਵੀ ਇਕ ਮੀਲ ਪੱਥਰ ਸਾਬਤ ਹੋ ਰਹੀ ਹੈ।