ਖ਼ਾਲਸਾ ਸਾਜਨਾ ਦਿਵਸ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ
ਖ਼ਾਲਸਾ ਸਾਜਨਾ ਦਿਵਸ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ
Publish Date: Tue, 14 Apr 2026 06:20 PM (IST)
Updated Date: Wed, 15 Apr 2026 04:09 AM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਧੰਨ-ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਸ਼ਹੀਦੀ ਅਸਥਾਨ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਖ਼ਾਲਸਾ ਸਾਜਨਾ ਦਿਵਸ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਜਾਰੀ ਰਿਹਾ, ਜਿਸ ’ਚ ਬੀਬੀ ਬਲਵਿੰਦਰ ਕੌਰ ਅਤੇ ਜਲੰਧਰ ਵਾਲੀਆਂ ਬੀਬੀਆਂ ਦੇ ਇੰਟਰਨੈਸ਼ਨਲ ਢਾਡੀ ਜਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਚਿੜੀਆਂ ਨੂੰ ਬਾਜ ਬਣਾਉਣ ਦਾ ਪੂਰਾ ਪ੍ਰਸੰਗ ਜੋਸ਼ ਭਰਪੂਰ ਤਰੀਕੇ ਨਾਲ ਢਾਡੀ ਵਾਰਾਂ ਵਿਚ ਸੁਣਾਇਆ। ਭਾਈ ਚਰਨਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਆਪਣੇ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਇਸ ਮੌਕੇ ਭਾਈ ਗੁਰਵਿੰਦਰ ਸਿੰਘ ਸ੍ਰੀ ਅਨੰਦਪੁਰ ਸਾਹਿਬ, ਸੰਤ ਬਾਬਾ ਸਵਰਨ ਸਿੰਘ ਲੁਧਿਆਣਾ ਵਾਲੇ, ਬੀਬੀ ਹਰਜਿੰਦਰ ਕੌਰ ਬਟਾਲਾ ਵਾਲੇ, ਭਾਈ ਮਹੀਪਾਲ ਸਿੰਘ ਹਜ਼ੂਰੀ ਰਾਗੀ, ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਜਸਵਿੰਦਰ ਸਿੰਘ ਲੁਧਿਆਣਾ ਵਾਲੇ, ਭਾਈ ਨਰਿੰਦਰ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ, ਭਾਈ ਓਂਕਾਰ ਸਿੰਘ, ਭਾਈ ਨਿਸ਼ਾਨ ਸਿੰਘ ਪਟਿਆਲਾ, ਭਾਈ ਗੁਰਦੀਪ ਸਿੰਘ ਖੰਨਾ, ਭਾਈ ਹਰਪ੍ਰੀਤ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ, ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਸਾਰਾ ਦਿਨ ਹਰਿਜਸ ਸੁਣਾ ਕੇ ਨਿਹਾਲ ਕੀਤਾ। ਪ੍ਰਬੰਧਕਾਂ ਵੱਲੋਂ ਸਾਰੇ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਵੱਡੀ ਗਿਣਤੀ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਸਮਾਗਮ ਦੌਰਾਨ ਗੰਨੇ ਦੇ ਰਸ ਦੀ ਛਬੀਲ, ਜਲੇਬੀਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।