ਕੰਗ ਨੇ ਨਰਾਤਿਆਂ ਦੇ ਸਮਾਗਮ ’ਚ ਕੀਤੀ ਸ਼ਿਰਕਤ
ਕੰਗ ਨੇ ਨਵਰਾਤਰਿਆਂ ਦੇ ਸਮਾਗਮ ਵਿਚ ਕੀਤੀ ਸ਼ਿਰਕਤ,
Publish Date: Mon, 23 Mar 2026 07:56 PM (IST)
Updated Date: Mon, 23 Mar 2026 07:58 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ
ਮੁੱਲਾਂਪੁਰ ਗਰੀਬਦਾਸ : ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਪ੍ਰਾਚੀਨ ਸ਼੍ਰੀ ਨੈਨਾ ਦੇਵੀ ਮੰਦਰ ਅਤੇ ਸ਼੍ਰੀ ਸ਼ਿਵ ਧਾਮ ਪਿੰਡ ਘੰਡੋਲੀ ਵਿਖੇ ਨਰਾਤੇ ਮਹਾਂਉਤਸਵ ਦੇ ਸਬੰਧ ਵਿਚ ਕਰਵਾਏ ਗਏ 36ਵੇਂ ਵਿਸ਼ਾਲ ਮੇਲੇ ਅਤੇ ਭੰਡਾਰੇ ਵਿਚ ਸ਼ਿਰਕਤ ਕੀਤੀ। ਇਸ ਮੌਕੇ ਨਤਮਸਤਕ ਹੁੰਦਿਆਂ ਉਨ੍ਹਾਂ ਸਭ ਦਾ ਧੰਨਵਾਦ ਕਰਦਿਆਂ ਵਧਾਈਆਂ ਅਤੇ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਸਾਡੇ ਦੇਸ਼ ਵਿਚ ਨਰਾਤਿਆਂ ਦੇ ਦਿਨ ਅਤੇ ਰਾਮਨੌਮੀ ਦਾ ਤਿਉਹਾਰ ਬੜੇ ਪਿਆਰ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਬਿਨਾਂ ਕਿਸੇ ਭੇਦਭਾਵ ਅਤੇ ਵਿਤਕਰੇ ਦੇ ਸਾਰੇ ਦੇਸ਼ਵਾਸੀ ਇਨ੍ਹਾਂ ਤਿਉਹਾਰਾਂ ਵਿਚ ਸ਼ਾਮਲ ਹੁੰਦੇ ਹਨ, ਜੋ ਕਿ ਸਾਡੀ ਧਰਮ-ਨਿਰਪੱਖਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਚਾਹੇ ਗੁਰਪੁਰਬ ਹੋਵੇ, ਰਾਮ ਨਵਮੀ, ਜਨਮ ਅਸ਼ਟਮੀ ਜਾਂ ਈਦ, ਸਾਰੇ ਲੋਕ ਰਲ-ਮਿਲ ਕੇ ਆਪਣੀ-ਆਪਣੀ ਥਾਈਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਂਦੇ ਹਨ, ਤਾਂ ਹੀ ਢੁੱਕਵਾਂ ਹੈ-ਧਰਮ ਅਨੇਕ, ਭਾਰਤ ਏਕ'। ਇਸ ਮੌਕੇ ਸਾਬਕਾ ਮੰਤਰੀ ਕੰਗ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇਸ਼ ਨੂੰ ਕੁਝ ਫਿਰਕੂ ਤਾਕਤਾਂ ਧਰਮ ਦੇ ਨਾਂ 'ਤੇ ਵੰਡਣਾ ਚਾਹੁੰਦੀਆਂ ਹਨ, ਜਿਨ੍ਹਾਂ ਤੋਂ ਸਾਨੂੰ ਸੁਚੇਤ ਰਹਿੰਦੇ ਹੋਏ ਆਪਸੀ ਪਿਆਰ, ਭਾਈਚਾਰਕ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇਹੀ ਸੰਦੇਸ਼ ਸਾਡੇ ਗੁਰੂਆਂ-ਪੀਰਾਂ ਨੇ ਦਿੱਤਾ ਹੈ। ਇਸ ਮੌਕੇ ਸ਼੍ਰੀ ਨੈਣਾ ਦੇਵੀ ਮੰਦਰ ਕਮੇਟੀ ਦੇ ਪ੍ਰਧਾਨ ਰਾਣਾ ਗਿਆਨ ਸਿੰਘ ਘੰਡੋਲੀ, ਸਤੀਸ਼ ਕੁਮਾਰ ਸ਼ਰਮਾ, ਅਰੁਣ ਕੁਮਾਰ ਸ਼ਰਮਾ, ਸੰਜੀਵ ਰਾਣਾ, ਰਾਜਿੰਦਰ ਸਿੰਘ, ਦਵਿੰਦਰ ਸਿੰਘ, ਹੈਪੀ, ਰਣਬੀਰ ਸਿੰਘ ਅਤੇ ਪ੍ਰਬੰਧਕ ਕਮੇਟੀ ਵੱਲੋਂ ਜਗਮੋਹਨ ਸਿੰਘ ਕੰਗ ਨੂੰ ਸਨਮਾਨਿਤ ਕੀਤਾ ਗਿਆ।