ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਸਾਂਝੀ ਬੈਠਕ
ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਸਾਂਝੀ ਬੈਠਕ, 12 ਮੈਂਬਰੀ ਕਮੇਟੀ ਦੀ ਹੋਈ ਚੋਣ
Publish Date: Tue, 14 Apr 2026 08:33 PM (IST)
Updated Date: Wed, 15 Apr 2026 04:16 AM (IST)

12 ਮੈਂਬਰੀ ਕਮੇਟੀ ਦੀ ਹੋਈ ਚੋਣ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸੁਖਮਨੀ ਸਕੂਲ ਤੋਂ ਕੱਢੇ ਗਏ ਕਰਮਚਾਰੀਆਂ ਦੀ ਨੌਕਰੀ ਬਹਾਲੀ ਲਈ ਚੱਲ ਰਹੇ ਧਰਨੇ ਵਾਲੀ ਜਗ੍ਹਾ ’ਤੇ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੀ ਇਕ ਅਹਿਮ ਸਾਂਝੀ ਬੈਠਕ ਹੋਈ। ਇਸ ਦੌਰਾਨ ਫ਼ੈਸਲਾ ਲਿਆ ਗਿਆ ਕਿ ਪ੍ਰਬੰਧਕਾਂ ਦੇ ਅੜੀਅਲ ਵਤੀਰੇ ਵਿਰੁੱਧ ਹੁਣ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਕਰਨ ਲਈ ਇਕ 12 ਮੈਂਬਰੀ ਸੁਖਮਨੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਫ਼ੈਸਲਾ ਕੀਤਾ ਗਿਆ ਹੈ ਕਿ ਅੱਜ ਤੋਂ ਬਾਅਦ ਸੰਘਰਸ਼ ਦੀ ਰੂਪਰੇਖਾ ਤੈਅ ਕਰਨ, ਫ਼ੈਸਲੇ ਲੈਣ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਦੇ ਸਾਰੇ ਅਧਿਕਾਰ ਇਸ ਕਮੇਟੀ ਕੋਲ ਹੀ ਹੋਣਗੇ। ਇਸ ਦੌਰਾਨ ਸਰਬਸੰਮਤੀ ਨਾਲ ਇਹ ਵੱਡਾ ਫ਼ੈਸਲਾ ਵੀ ਲਿਆ ਗਿਆ ਕਿ ਆਉਂਦੀ 21 ਅਪ੍ਰੈਲ ਨੂੰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਕੋਠੀ ਦਾ ਡੱਟ ਕੇ ਘਿਰਾਓ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਵਿਚ ਸਾਰੀਆਂ ਜਥੇਬੰਦੀਆਂ ਆਪਣੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੀਆਂ। ਜਥੇਬੰਦੀਆਂ ਨੇ ਅਪੀਲ ਕੀਤੀ ਹੈ ਕਿ ਇਸ ਰੋਸ ਪ੍ਰਦਰਸ਼ਨ ਵਿਚ ਕਿਰਤੀ ਆਪਣੇ ਪਰਿਵਾਰਾਂ ਅਤੇ ਔਰਤਾਂ ਸਮੇਤ ਪਹੁੰਚਣ। ਵਿਧਾਇਕ ਦੇ ਘਰ ਬਾਹਰ ਵਿਸ਼ਾਲ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਵੀ ਸੌਪਿਆ ਜਾਵੇਗਾ। ਇਸ ਮੌਕੇ ਮਨਪ੍ਰੀਤ ਸਿੰਘ ਸੂਬਾ ਉਪ ਪ੍ਰਧਾਨ ਬੀਕੇਯੂ ਲੱਖੋਵਾਲ, ਕਰਮ ਸਿੰਘ ਇਨਵਾਈਟੀ ਮੈਂਬਰ ਬੀਕੇਯੂ ਲੱਖੋਵਾਲ ਪੰਜਾਬ, ਵਿਨੋਦ ਚੁੱਘ ਉਪ ਪ੍ਰਧਾਨ ਪੰਜਾਬ ਏਟਕ, ਜਗਤਾਰ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਮੁਹਾਲੀ, ਰਣਜੀਤ ਸਿੰਘ ਰਾਣਾ ਬਲਾਕ ਪ੍ਰਧਾਨ ਡੇਰਾਬੱਸੀ, ਹਰਨਾਮ ਸਿੰਘ ਉਪ ਪ੍ਰਧਾਨ ਬੀਕੇਯੂ ਲੱਖੋਵਾਲ, ਰਜਿੰਦਰ ਸਿੰਘ ਬਿਜਲੀ ਬੋਰਡ ਪੈਨਸ਼ਨਰ ਯੂਨੀਅਨ, ਏਕਮ ਸਿੱਧੂ ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ, ਰੁਸਤਮ ਸ਼ੇਖ ਬੀਕੇਯੂ ਪੁਆਧ, ਲਖਵਿੰਦਰ ਸਿੰਘ ਹੈਪੀ ਬਲਾਕ ਪ੍ਰਧਾਨ ਬੀਕੇਯੂ ਉਗਰਾਹਾਂ, ਸੁਰਿੰਦਰ ਸਿੰਘ ਜੜੋਤ ਜਨਰਲ ਸਕੱਤਰ ਕੁਲ ਹਿੰਦ ਕਿਸਾਨ ਸਭਾ, ਕਮਲਜੀਤ ਸਿੰਘ ਉਪ ਪ੍ਰਧਾਨ, ਬਲਜੀਤ ਸਿੰਘ ਚੇਅਰਮੈਨ ਅਤੇ ਜੋਗਾ ਸਿੰਘ ਪ੍ਰਧਾਨ ਸਿੱਖਿਆ ਸੰਸਥਾਨ ਵਰਕਰ ਯੂਨੀਅਨ ਏਟਕ ਸਮੇਤ ਹੋਰ ਕਈ ਆਗੂ ਤੇ ਵਰਕਰ ਹਾਜ਼ਰ ਸਨ।