ਕਾਰ ’ਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ
ਪਾਰਕਿੰਗ ’ਚ ਖੜ੍ਹੀ ਕਾਰ ਵਿਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ
Publish Date: Mon, 16 Feb 2026 09:13 PM (IST)
Updated Date: Mon, 16 Feb 2026 09:15 PM (IST)
ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਹਿਮਾਚਲ ਪ੍ਰਦੇਸ਼ ਦੇ ਉਨਾ ਜ਼ਿਲ੍ਹੇ ਦੇ ਇਕ ਪਰਿਵਾਰ ਦੀ ਖੁਸ਼ੀ ਉਸ ਸਮੇਂ ਮੱਠੀ ਪੈ ਗਈ, ਜਦੋਂ ਅਣਪਛਾਤੇ ਚੋਰਾਂ ਨੇ ਉਨ੍ਹਾਂ ਦੀ ਲਗਜ਼ਰੀ ਕਾਰ ਦੀ ਖਿੜਕੀ ਤੋੜ ਕੇ ਕੀਮਤੀ ਸਾਮਾਨ ਚੋਰੀ ਕਰ ਲਿਆ। ਇਹ ਘਟਨਾ ਸੋਮਵਾਰ ਦੁਪਹਿਰ ਨੂੰ ਜ਼ੀਰਕਪੁਰ ਦੇ ਅਮਲਤਾਸ਼ ਫਾਰਮਜ਼ ਦੀ ਪਾਰਕਿੰਗ ਵਿਚ ਵਾਪਰੀ। ਸੰਤੋਸ਼ਗੜ੍ਹ ਨਿਵਾਸੀ ਆਰੂਸ਼ ਸ਼ਰਮਾ ਨੇ ਆਪਣੀ ਪੁਲਿਸ ਸ਼ਿਕਾਇਤ ਵਿਚ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਇਕ ਦੋਸਤ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਦੁਪਹਿਰ 1:00 ਵਜੇ ਦੇ ਕਰੀਬ ਜ਼ੀਰਕਪੁਰ ਪਹੁੰਚੇ ਸਨ। ਉਨ੍ਹਾਂ ਨੇ ਪੈਲੇਸ ਦੀ ਪਾਰਕਿੰਗ ਵਿਚ ਕਾਰ ਖੜ੍ਹੀ ਕੀਤੀ ਸੀ। ਜਦੋਂ ਉਹ ਸ਼ਾਮ 4:00 ਵਜੇ ਦੇ ਕਰੀਬ ਵਾਪਸ ਆਉਣ ਲਈ ਕਾਰ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਕਾਰ ਦੀ ਪਿਛਲੀ ਖਿੜਕੀ ਟੁੱਟੀ ਹੋਈ ਅਤੇ ਕਾਰ ਖੁੱਲ੍ਹੀ ਮਿਲੀ। ਉਨ੍ਹਾਂ ਦੇ ਅਨੁਸਾਰ, ਚੋਰਾਂ ਨੇ ਕਾਰ ਦੇ ਅੰਦਰੋਂ ਤਿੰਨ ਬੈਗ ਅਤੇ ਇਕ ਲੇਡੀਜ਼ ਪਰਸ ਚੋਰੀ ਕਰ ਲਿਆ। ਪਰਸ ਵਿਚ ਉਸਦੀ ਪਤਨੀ ਦੀ ਸੋਨੇ ਦੀ ਅੰਗੂਠੀ, ਮਹੱਤਵਪੂਰਨ ਦਸਤਾਵੇਜ਼ ਅਤੇ ਲਗਭਗ 12,000 ਰੁਪਏ ਨਕਦ ਸਨ। ਪੀੜਤ ਨੇ ਕਾਫ਼ੀ ਦੇਰ ਤੱਕ ਆਪਣੇ ਆਪ ਚੋਰਾਂ ਦੀ ਭਾਲ ਕੀਤੀ, ਪਰ ਜਦੋਂ ਉਸਨੂੰ ਕੋਈ ਸੁਰਾਗ ਨਾ ਮਿਲਿਆ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।