ਰਾਜਾ ਵੜਿੰਗ ਵੱਲੋਂ 70 ਫ਼ੀਸਦੀ ਨੌਜਵਾਨਾਂ ਨੂੰ ਟਿਕਟਾਂ ਦੇਣ ਦੇ ਸੁਝਾਅ ਦੀ ਜਤਿੰਦਰ ਸਿੰਘ ਗੋਗੀਆ ਵੱਲੋਂ ਸ਼ਲਾਘਾ
ਨੌਜਵਾਨਾਂ ਨੂੰ ਟਿਕਟਾਂ ਦੇਣ ਦੇ ਸੁਝਾਅ ਦੀ ਜਤਿੰਦਰ ਸਿੰਘ ਗੋਗੀਆ ਨੇ ਕੀਤੀ ਸ਼ਲਾਘਾ
Publish Date: Sat, 03 Jan 2026 06:09 PM (IST)
Updated Date: Sat, 03 Jan 2026 06:11 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ 70 ਫ਼ੀਸਦੀ ਟਿਕਟਾਂ ਨੌਜਵਾਨ ਆਗੂਆਂ ਅਤੇ ਨਵੇਂ ਚਿਹਰਿਆਂ ਨੂੰ ਦੇਣ ਦੇ ਸੁਝਾਅ ਦਾ ਸਵਾਗਤ ਹੋਣਾ ਸ਼ੁਰੂ ਹੋ ਗਿਆ ਹੈ। ਡੇਰਾਬੱਸੀ ਤੋਂ ਕਾਂਗਰਸ ਪਾਰਟੀ ਦੇ ਯੂਥ ਆਗੂ ਜਤਿੰਦਰ ਸਿੰਘ ਗੋਗੀਆ ਨੇ ਇਸ ਫ਼ੈਸਲੇ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਇਸ ਨੂੰ ਪੰਜਾਬ ਦੀ ਸਿਆਸਤ ਵਿਚ ਇਕ ਇਨਕਲਾਬੀ ਕਦਮ ਦੱਸਿਆ ਹੈ। ਜਤਿੰਦਰ ਸਿੰਘ ਗੋਗੀਆ ਨੇ ਬਿਆਨ ਵਿਚ ਕਿਹਾ ਕਿ ਰਾਜਾ ਵੜਿੰਗ ਖ਼ੁਦ ਯੂਥ ਕਾਂਗਰਸ ਦੀ ਉਪਜ ਹਨ ਅਤੇ ਉਹ ਨੌਜਵਾਨਾਂ ਦੀਆਂ ਭਾਵਨਾਵਾਂ ਅਤੇ ਮਿਹਨਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ 70 ਫ਼ੀਸਦੀ ਨੌਜਵਾਨਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਨਾਲ ਪਾਰਟੀ ਵਿਚ ਨਵੀਂ ਰੂਹ ਫੂਕੀ ਜਾਵੇਗੀ। ਇਸ ਫ਼ੈਸਲੇ ਨਾਲ ਉਨ੍ਹਾਂ ਵਰਕਰਾਂ ਨੂੰ ਉਤਸ਼ਾਹ ਮਿਲੇਗਾ, ਜੋ ਜ਼ਮੀਨੀ ਪੱਧਰ ਤੇ ਦਿਨ-ਰਾਤ ਪਾਰਟੀ ਲਈ ਕੰਮ ਕਰ ਰਹੇ ਹਨ। ਨੌਜਵਾਨ ਆਗੂ ਪੰਜਾਬ ਦੀਆਂ ਸਮੱਸਿਆਵਾਂ ਨੂੰ ਨਵੇਂ ਨਜ਼ਰੀਏ ਨਾਲ ਹੱਲ ਕਰਨ ਦੀ ਸਮਰੱਥਾ ਰੱਖਦੇ ਹਨ। ਗੋਗੀਆ ਨੇ ਕਿਹਾ ਕਿ ਇਸ ਇਤਿਹਾਸਕ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਹੀ ਨੌਜਵਾਨਾਂ ਦੀ ਸੱਚੀ ਹਮਦਰਦ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦੂਜੀਆਂ ਪਾਰਟੀਆਂ ਪਰਿਵਾਰਵਾਦ ਜਾਂ ਰਵਾਇਤੀ ਚਿਹਰਿਆਂ ਤੱਕ ਸੀਮਤ ਹਨ, ਉੱਥੇ ਹੀ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਨੇ ਆਮ ਘਰਾਂ ਦੇ ਨੌਜਵਾਨਾਂ ਲਈ ਸਿਆਸਤ ਦੇ ਬੂਹੇ ਖੋਲ੍ਹ ਦਿੱਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਡੇਰਾਬੱਸੀ ਸਮੇਤ ਪੂਰੇ ਪੰਜਾਬ ਦੇ ਨੌਜਵਾਨ ਇਸ ਫ਼ੈਸਲੇ ਤੋਂ ਬਾਅਦ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ ਅਤੇ 2027 ਵਿਚ ਕਾਂਗਰਸ ਪਾਰਟੀ ਵੱਡੀ ਜਿੱਤ ਦਰਜ ਕਰਕੇ ਪੰਜਾਬ ਵਿਚ ਮੁੜ ਸਰਕਾਰ ਬਣਾਏਗੀ। ਗੋਗੀਆ ਨੇ ਅੱਗੇ ਜ਼ੋਰ ਦਿੱਤਾ ਕਿ ਨੌਜਵਾਨਾਂ ਦੀ ਪ੍ਰਤੀਨਿਧਤਾ ਹੁਣ ਵਿਕਲਪਿਕ ਨਹੀਂ ਸਗੋਂ ਜ਼ਰੂਰੀ ਹੈ, ਖ਼ਾਸ ਕਰਕੇ ਜਦੋਂ ਪੰਜਾਬ ਬੇਰੁਜ਼ਗਾਰੀ, ਨਸ਼ਿਆਂ ਦੀ ਦੁਰਵਰਤੋਂ ਅਤੇ ਕਾਨੂੰਨ ਵਿਵਸਥਾ ਦੇ ਮੁੱਦਿਆਂ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਅਤੇ ਇਕ ਬਿਹਤਰ ਪੰਜਾਬ ਅਤੇ ਇਕ ਮਜ਼ਬੂਤ ਭਾਰਤ ਬਣਾਉਣ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ।