ਜਾਖੜ ਦਾ ਵੱਡਾ ਬਿਆਨ: ਪੰਜਾਬ ਕਾਂਗਰਸ 'ਚ ਫੁੱਟ ਦੇ ਚਲਦਿਆਂ ਹਾਈਕਮਾਨ ਹੋਈ ਬੇਅਸਰ, ਰਾਹੁਲ ਦੀ ਫੇਰੀ ਸਿਰਫ਼ ਖਾਨਾਪੂਰਤੀ
ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ 'ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਨ ਆਪਣਾ ਪ੍ਰਭਾਵ ਗੁਆ ਚੁੱਕਾ ਹੈ, ਇਸ ਲਈ ਰਾਹੁਲ ਗਾਂਧੀ ਨੂੰ ਪੰਜਾਬ ਆ ਕੇ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਜਨਤਕ ਤੌਰ 'ਤੇ ਨਸੀਹਤ ਦੇਣੀ ਪਈ। ਉਨ੍ਹਾਂ ਕਿਹਾ ਕਿ ਜੋ ਗੱਲ ਪ੍ਰਦੇਸ਼ ਦੀ ਨੁਮਾਇੰਦਗੀ ਨੂੰ ਬੰਦ ਕਮਰੇ ’ਚ ਸਮਝਾਈ ਜਾ ਸਕਦੀ ਸੀ, ਉਸ ਨੂੰ ਰੈਲੀ ’ਚ ਕਹਿ ਕੇ ਕਾਂਗਰਸ ਨੇ ਆਪਣੀ ਅੰਦਰੂਨੀ ਕਮਜ਼ੋਰੀ ਨੂੰ ਬੇਨਕਾਬ ਕਰ ਦਿੱਤਾ ਹੈ।
Publish Date: Sun, 01 Mar 2026 09:47 AM (IST)
Updated Date: Sun, 01 Mar 2026 09:49 AM (IST)

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ 'ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਨ ਆਪਣਾ ਪ੍ਰਭਾਵ ਗੁਆ ਚੁੱਕਾ ਹੈ, ਇਸ ਲਈ ਰਾਹੁਲ ਗਾਂਧੀ ਨੂੰ ਪੰਜਾਬ ਆ ਕੇ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਜਨਤਕ ਤੌਰ 'ਤੇ ਨਸੀਹਤ ਦੇਣੀ ਪਈ। ਉਨ੍ਹਾਂ ਕਿਹਾ ਕਿ ਜੋ ਗੱਲ ਪ੍ਰਦੇਸ਼ ਦੀ ਨੁਮਾਇੰਦਗੀ ਨੂੰ ਬੰਦ ਕਮਰੇ ’ਚ ਸਮਝਾਈ ਜਾ ਸਕਦੀ ਸੀ, ਉਸ ਨੂੰ ਰੈਲੀ ’ਚ ਕਹਿ ਕੇ ਕਾਂਗਰਸ ਨੇ ਆਪਣੀ ਅੰਦਰੂਨੀ ਕਮਜ਼ੋਰੀ ਨੂੰ ਬੇਨਕਾਬ ਕਰ ਦਿੱਤਾ ਹੈ।
ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਸੁਨੇਹਿਆਂ ਦਾ ਹਵਾਲਾ ਦਿੰਦਿਆਂ ਜਾਖੜ ਨੇ ਕਿਹਾ ਕਿ ਬਰਨਾਲਾ ਰੈਲੀ ਦਾ ਅਸਲੀ ਟੀਚਾ ਪੰਜਾਬ ਦੇ ਮੁੱਦਿਆਂ 'ਤੇ ਚਰਚਾ ਕਰਨਾ ਨਹੀਂ, ਸਗੋਂ ਪ੍ਰਦੇਸ਼ ਅਗਵਾਈ ਨੂੰ ਚਿਤਾਵਨੀ ਦੇਣਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਰੈਲੀ ’ਚ ਨਾ ਤਾਂ ਕਿਸਾਨਾਂ ਤੇ ਮਜ਼ਦੂਰਾਂ ਦੇ ਮੁੱਦਿਆਂ 'ਤੇ ਗੱਲ ਹੋਈ ਅਤੇ ਨਾ ਹੀ ਸੂਬੇ ਲਈ ਕੋਈ ਠੋਸ ਏਜੰਡਾ ਰੱਖਿਆ ਗਿਆ। ਜਾਖੜ ਅਨੁਸਾਰ, ਜਨਤਕ ਮੰਚ 'ਤੇ ਦਿੱਤੀ ਗਈ ਟਿੱਪਣੀ ਨੇ ਪ੍ਰਦੇਸ਼ ਕਾਂਗਰਸ ਨੁਮਾਇੰਦਗੀ ਨੂੰ ਅਸਹਿਜ ਸਥਿਤੀ ’ਚ ਲਿਆ ਦਿੱਤਾ ਅਤੇ ਹਾਈਕਮਾਨ ਦੀ ਕਮਜ਼ੋਰ ਪਕੜ ਨੂੰ ਸਾਹਮਣੇ ਲਿਆ ਦਿੱਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਰਾਜ ਇਕਾਈਆਂ 'ਤੇ ਕੇਂਦਰੀ ਅਗਵਾਈ ਦਾ ਕੰਟਰੋਲ ਢਿੱਲਾ ਪੈ ਗਿਆ ਹੈ, ਜਿਸ ਕਾਰਨ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਰਹੀ ਹੈ। ਜਾਖੜ ਨੇ ਇਸ ਨੂੰ ਕਾਂਗਰਸ ਦੀਆਂ ਅੰਦਰੂਨੀ ਕਲੇਸ਼ ਤੇ ਅਗਵਾਈ ਸੰਕਟ ਦਾ ਸੰਕੇਤ ਦੱਸਿਆ।
ਇਸ ਦੌਰਾਨ ਫੋਰਟੀਫਾਈਡ ਚੌਲ ਦੇ ਮੁੱਦੇ ਦੇ ਹੱਲ 'ਤੇ ਸ਼ੇਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਜਾਖੜ ਨਾਲ ਮੁਲਾਕਾਤ ਕਰ ਕੇ ਧੰਨਵਾਦ ਪ੍ਰਗਟਾਇਆ। ਨੁਮਾਇੰਦਿਆਂ ਨੇ ਕਿਹਾ ਕਿ ਕੇਂਦਰੀ ਖੁਰਾਕ ਸਪਲਾਈ ਮੰਤਰੀ ਸਾਹਮਣੇ ਮੁੱਦਾ ਉਠਾਉਣ ਨਾਲ ਹੱਲ ਦਾ ਰਸਤਾ ਨਿਕਲਿਆ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਤੇ ਉਨ੍ਹਾਂ ਨਾਲ ਜੁੜੇ ਉਦਯੋਗਾਂ ਦੇ ਹਿੱਤਾਂ ਪ੍ਰਤੀ ਵਚਨਬੱਧ ਹੈ। ਉਨ੍ਹਾਂ ਉਮੀਦ ਜਤਾਈ ਕਿ ਆੜ੍ਹਤੀਆ ਐਸੋਸੀਏਸ਼ਨ ਦੀਆਂ ਮੰਗਾਂ ਦਾ ਵੀ ਜਲਦੀ ਹੱਲ ਹੋਵੇਗਾ, ਜਿਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।