ਰਮਨਪ੍ਰੀਤ ਕੌਰ ਕੁੰਬੜਾ ਦੀ ਅਗਵਾਈ 'ਚ ਜਾਗੋ ਕੱਢੀ
ਰਮਨਪ੍ਰੀਤ ਕੌਰ ਕੁੰਬੜਾ ਦੀ ਅਗਵਾਈ 'ਚ ਜਾਗੋ ਦਾ ਆਯੋਜਨ
Publish Date: Sat, 14 Mar 2026 05:47 PM (IST)
Updated Date: Sat, 14 Mar 2026 05:51 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ 2022 ਦੀਆਂ ਚੌਣਾਂ ਦੌਰਾਨ ਜੋ ਗਾਰੰਟੀਆਂ/ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਸਨ, ਉਨ੍ਹਾਂ ਵਿਚੋਂ ਇਕ ਗਾਰੰਟੀ ਹਰ 18 ਸਾਲ ਤੋਂ ਵੱਧ ਦੀ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦੇਣਾ ਸੀ। ਜਿਸ ਨੂੰ ਸਰਕਾਰ ਵੱਲੋਂ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਸਕੀਮ ਦੇ ਤਹਿਤ ਪੂਰਾ ਕਰਨ ਲਈ ਬਜਟ ਸੈਸ਼ਨ ’ਚ ਐਲਾਨ ਕਰਨ ਉਪਰੰਤ ਪੰਜਾਬ ਦੀਆਂ ਔਰਤਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਆਪਣੀ ਇਸ ਖ਼ੁਸ਼ੀ ਦਾ ਪ੍ਰਗਵਾਟਾ ਕਰਨ ਅਤੇ ਸਰਕਾਰ ਦੀ ਇਸ ਸਕੀਮ ਸਬੰਧੀ ਪੰਜਾਬ ਦੀਆਂ ਔਰਤਾਂ ਨੂੰ ਜਾਣੂ ਕਰਵਾਉਣ ਲਈ ਵਿਧਾਨ ਸਭਾ ਹਲਕਾ ਦੀਆਂ ਔਰਤਾਂ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਅਤੇ ਰਮਨਪ੍ਰੀਤ ਕੌਰ ਕੁੰਬੜਾ, ਹਲਕਾ ਕੋਆਰਡੀਨੇਟਰ, ਮਹਿਲਾ ਵਿੰਗ, ਮੁਹਾਲੀ ਦੀ ਅਗਵਾਈ ਵਿਚ ਇਕ ਜਾਗੋ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮਹਿਲਾਵਾਂ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ/ਬਾਜ਼ਾਰਾਂ ਵਿਚ ਜਾਕੇ ਜਾਗੋ ਕੱਢੀ ਗਈ। ਜਿਸ ਦੌਰਾਨ ਮਹਿਲਾਵਾਂ ਵੱਲੋਂ ਢੌਲ ਵਜਾ ਕੇ ਅਤੇ ਭੰਗੜੇ ਪਾਕੇ ਆਪਣੀ ਖੁਸ਼ੀ ਜਤਾਈ ਗਈ ਅਤੇ ਇਹ ਸਹੂਲਤ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ’ਤੇ ਰਮਨਪ੍ਰੀਤ ਕੌਰ ਕੁੰਬੜਾ ਨੇ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਜੋ ਕਹਿੰਦੀ ਹੈ, ਉਹ ਕਰਦੀ ਹੈ, ਜਿਸ ਦੇ ਵਜੋਂ ਹੀ ਪੰਜਾਬ ਦੀਆਂ ਮਾਵਾਂ-ਧੀਆਂ ਨੂੰ ਹਰ ਮਹੀਨੇ ਵਿੱਤੀ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਜਿਸ ਤਹਿਤ ਅਨੁਸੂਚਿਤ ਜਾਤੀ ਦੀ ਸ਼੍ਰੇਣੀ ਦੀ ਹਰ ਔਰਤ ਨੂੰ 1500 ਰੁਪਏ ਪ੍ਰਤੀ ਮਹੀਨਾ ਅਤੇ ਹੋਰ ਸ਼੍ਰੇਣੀ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਇਸ ਮੌਕੇ ’ਤੇ ਸੋਨੀਆ, ਪੂਜਾ ਰਾਣੀ, ਸਰਬਜੀਤ ਕੌਰ ਦਾਊਂ, ਗੁਰਿੰਦਰ ਕੌਰ, ਨਰਿੰਦਰ ਕੌਰ, ਜਸਵੀਰ ਕੌਰ, ਮੀਨਾਕਸ਼ੀ ਰਾਜਪੂਤ, ਜਸਬੀਰ ਕੌਰ ਅਤਲੀ, ਸਵਿਤਾ ਪਰਿੰਜਾ, ਕੁਲਵੰਤ ਕੌਰ ਕੋਮਲ, ਮੋਨਿਕਾ ਠਾਕੁਰ, ਸਵਰਨ ਲਤਾ, ਕੁਲਦੀਪ ਕੌਰ, ਨਰਿੰਦਰ ਕੌਰ, ਰਾਜ ਕਿਰਨ ਅਤੇ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ।