ਜ਼ੀਰਕਪੁਰ ’ਚ ਸਰਵਿਸ ਰੋਡ ਦਾ ਕੰਮ ਠੱਪ, ਉੱਡਦੀ ਧੂੜ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ
ਈਰਾਨ ਜੰਗ ਦੀ ਮਾਰ: ਜ਼ੀਰਕਪੁਰ 'ਚ ਸਰਵਿਸ ਰੋਡ ਦਾ ਕੰਮ ਠੱਪ
Publish Date: Mon, 16 Mar 2026 10:02 PM (IST)
Updated Date: Mon, 16 Mar 2026 10:04 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇ ’ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਅਤੇ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ ਚਾਰ ਦਿਨਾਂ ਤੋਂ ਹਾਈਵੇ ਦੀ ਸਰਵਿਸ ਰੋਡ ਬਣਾਉਣ ਦਾ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੇਰੀ ਪਿੱਛੇ ਕੋਈ ਸਥਾਨਕ ਕਾਰਨ ਨਹੀਂ, ਸਗੋਂ ਅੰਤਰਰਾਸ਼ਟਰੀ ਭੂ-ਰਾਜਨੀਤਿਕ ਤਣਾਅ ਦੱਸਿਆ ਜਾ ਰਿਹਾ ਹੈ। ਨਿਰਮਾਣ ਕੰਪਨੀ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਈਰਾਨ-ਇਜ਼ਰਾਈਲ ਜੰਗ ਕਾਰਨ ਬਿਟੂਮਨ (ਲੁੱਕ) ਦੀ ਸਪਲਾਈ ਰੁਕ ਗਈ ਹੈ, ਜਿਸ ਕਾਰਨ ਕੰਮ ਵਿਚਾਲੇ ਲਟਕ ਗਿਆ ਹੈ। ਨੈਸ਼ਨਲ ਹਾਈਵੇ ਅਥਾਰਟੀ ਨੇ ਹਾਈਵੇ ਦੀ ਨੁਹਾਰ ਬਦਲਣ ਲਈ ਪੁਰਾਣੀ ਪਰਤ ਉਖਾੜ ਕੇ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਕੁਝ ਹਿੱਸਿਆਂ ਵਿਚ ਨਵੀਂ ਸੜਕ ਵਿਛਾਉਣ ਨਾਲ ਲੋਕਾਂ ਨੂੰ ਰਾਹਤ ਮਿਲੀ ਸੀ, ਪਰ ਹੁਣ ਅੱਧੇ ਤੋਂ ਵੱਧ ਹਿੱਸੇ ਵਿਚ ਸੜਕ ਉਖਾੜ ਕੇ ਛੱਡ ਦਿੱਤੀ ਗਈ ਹੈ। ਉੱਖੜੀ ਹੋਈ ਸੜਕ ਕਾਰਨ ਉੱਡ ਰਹੀ ਧੂੜ ਨੇ ਦੁਕਾਨਦਾਰਾਂ ਅਤੇ ਰਾਹਗੀਰਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਹਾਈਵੇ ਕਿਨਾਰੇ ਸ਼ੋਅਰੂਮ ਚਲਾਉਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਧੂੜ ਕਾਰਨ ਉਨ੍ਹਾਂ ਦਾ ਸਾਮਾਨ ਖ਼ਰਾਬ ਹੋ ਰਿਹਾ ਹੈ ਅਤੇ ਗਾਹਕ ਆਉਣ ਤੋਂ ਕਤਰਾ ਰਹੇ ਹਨ। ਦੁਪਹੀਆ ਵਾਹਨ ਚਾਲਕਾਂ ਨੂੰ ਸਾਹ ਲੈਣ ਵਿਚ ਦਿੱਕਤ ਅਤੇ ਅੱਖਾਂ ਵਿਚ ਜਲਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਉੱਖੜੀ ਸੜਕ ਕਾਰਨ ਵਾਹਨਾਂ ਦੀ ਰਫ਼ਤਾਰ ਸੁਸਤ ਹੋ ਗਈ ਹੈ, ਜਿਸ ਕਾਰਨ ਪੀਕ ਆਵਰਸ ਦੌਰਾਨ ਲੰਬਾ ਜਾਮ ਲੱਗ ਰਿਹਾ ਹੈ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਕੰਮ ਮੁੜ ਸ਼ੁਰੂ ਨਹੀਂ ਹੁੰਦਾ, ਉਦੋਂ ਤੱਕ ਸੜਕਾਂ ’ਤੇ ਨਿਯਮਿਤ ਪਾਣੀ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਧੂੜ ਤੋਂ ਕੁੱਝ ਰਾਹਤ ਮਿਲ ਸਕੇ। ਸਰਵਿਸ ਰੋਡ ਦਾ ਨਿਰਮਾਣ ਕਰ ਰਹੀ ਕੰਪਨੀ ਜੀਕੇਸੀਪੀਐੱਲ ਦੇ ਪ੍ਰਾਜੈਕਟ ਮੈਨੇਜਰ ਚੰਚਲ ਵਰਮਾ ਨੇ ਦੱਸਿਆ ਕਿ ਸੜਕ ਬਣਾਉਣ ਲਈ ਲੁੜੀਂਦੀ ਮੁੱਖ ਸਮੱਗਰੀ ਯਾਨੀ ਬਿਟੂਮਨ (ਲੁੱਕ) ਦੀ ਭਾਰੀ ਕਿੱਲਤ ਹੋ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਸਪਲਾਈ ਚੇਨ ਪ੍ਰਭਾਵਿਤ ਹੋਣ ਕਾਰਨ ਪਾਣੀਪਤ ਰਿਫਾਇਨਰੀ ਤੋਂ ਸਟਾਕ ਉਪਲਬੱਧ ਨਹੀਂ ਹੋ ਰਿਹਾ ਸੀ। ਹਾਲਾਂਕਿ ਉਨ੍ਹਾਂ ਉਮੀਦ ਜਤਾਈ ਕਿ ਹੁਣ ਸਪਲਾਈ ਬਹਾਲ ਹੋ ਰਹੀ ਹੈ ਅਤੇ ਜਲਦੀ ਹੀ ਕੰਮ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ।