ਗਿਆਨ ਜਯੋਤੀ ਇੰਸਟੀਚਿਊਟ ’ਚ ਅੰਤਰ-ਕਾਲਜ ਟੈੱਕ ਫੈਸਟ ਕਰਵਾਇਆ
ਗਿਆਨ ਜਯੋਤੀ ਇੰਸਟੀਚਿਊਟ ਵਿਚ ਅੰਤਰ-ਕਾਲਜ ਟੈੱਕ-ਫੈਸਟ ਦਾ ਸ਼ਾਨਦਾਰ ਆਯੋਜਨ
Publish Date: Mon, 13 Apr 2026 06:33 PM (IST)
Updated Date: Mon, 13 Apr 2026 06:37 PM (IST)

- ਵੱਖ-ਵੱਖ 17 ਕਾਲਜਾਂ ਦੇ ਵਿਦਿਆਰਥੀਆਂ ਨੇ ਦਿਖਾਇਆ ਤਕਨੀਕੀ ਦਮਖ਼ਮ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜ਼ੀ ਫੇਜ਼-2 ਮੁਹਾਲੀ ਵੱਲੋਂ ਸਾਲਾਨਾ ਅੰਤਰ-ਕਾਲਜ ਟੈੱਕ-ਫੈਸਟ ‘ਗਿਆਨ ਬਾਈਟ-2026’ ਕਰਵਾਇਆ ਗਿਆ। ਇਸ ਤਕਨੀਕੀ ਮੇਲੇ ਵਿਚ ਵੱਖ-ਵੱਖ 17 ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਉਨ੍ਹਾਂ ਨੇ ਆਪਣੀ ਨਵੀਨਤਾ, ਰਚਨਾਤਮਕਤਾ ਅਤੇ ਤਕਨੀਕੀ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਇਸ ਵਾਰ ਟੈੱਕ ਫੈਸਟ ਦਾ ਮੁੱਖ ਆਕਰਸ਼ਣ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਹੱਲਾਂ ’ਤੇ ਆਧਾਰਿਤ ਸੀ। ਇਸ ਦੌਰਾਨ ਪੰਜ ਮੁੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਮੀਮ ਦਾ ਮਸ਼ੀਨ, ਲਾਈਟਸ-ਕੈਮਰਾ-ਇਨੋਵੇਟ, ਡੀਬੱਗ ਦਾ ਬੱਗ, ਬਿਲਡ-ਏ-ਬੋਟ ਅਤੇ ਵੈੱਬ ਵਾਰੀ ਅਰਜ਼ ਸਨ। ਹਰੇਕ ਈਵੈਂਟ ਵਿਚ ਵਿਦਿਆਰਥੀਆਂ ਦਾ ਜੋਸ਼ ਅਤੇ ਮੁਕਾਬਲੇ ਦੀ ਭਾਵਨਾ ਦੇਖਣ ਨੂੰ ਮਿਲੀ। ਇਸ ਮੌਕੇ ਬਿਲਡ-ਏ-ਬੋਟ ਰਿਆਤ ਬਾਹਰਾ ਯੂਨੀਵਰਸਿਟੀ, ਗਿਆਨ ਜਯੋਤੀ ਅਤੇ ਪੀਜੀਜੀਸੀ ਸੈਕਟਰ-11 ਦੀਆਂ ਟੀਮਾਂ ਨੇ ਐਡਵਾਂਸ ਰੋਬੋਟਿਕਸ ਮਾਡਲ ਪੇਸ਼ ਕੀਤੇ। ਸੀਜੀਸੀ ਯੂਨੀਵਰਸਿਟੀ, ਗਿਆਨ ਜਯੋਤੀ ਅਤੇ ਜੀਸੀਸੀਬੀਏ ਸੈਕਟਰ-50 ਦੇ ਵਿਦਿਆਰਥੀਆਂ ਨੇ ਤਕਨੀਕੀ ਸਮੱਸਿਆਵਾਂ ਹੱਲ ਕਰਨ ਵਿਚ ਮੁਹਾਰਤ ਦਿਖਾਈ। ਵੈੱਬ ਡਿਜ਼ਾਈਨਿੰਗ ਵਿਚ ਰਿਆਤ ਬਾਹਰਾ ਯੂਨੀਵਰਸਿਟੀ ਦੀਆਂ ਟੀਮਾਂ ਦਾ ਦਬਦਬਾ ਰਿਹਾ। ਜੀਜੀਡੀਐੱਸਡੀ ਅਤੇ ਆਈਈਟੀ ਭੱਦਲ ਦੀਆਂ ਟੀਮਾਂ ਨੇ ਆਪਣੀ ਰਚਨਾਤਮਕਤਾ ਨਾਲ ਸਭ ਦਾ ਮਨ ਮੋਹ ਲਿਆ। ਖ਼ਾਲਸਾ ਕਾਲਜ ਅਤੇ ਦੋਆਬਾ ਗਰੁੱਪ ਆਫ਼ ਕਾਲਜਿਜ਼ ਨੇ ਪ੍ਰਭਾਵਸ਼ਾਲੀ ਕਹਾਣੀ ਕਲਾ ਰਾਹੀਂ ਨਵੇਂ ਵਿਚਾਰ ਪੇਸ਼ ਕੀਤੇ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਨੂੰ ਰਚਨਾਤਮਕ ਸੋਚ ਅਪਣਾਉਣ ਅਤੇ ਨਵੀਆਂ ਤਕਨੀਕਾਂ ਨਾਲ ਜੁੜਨ ਲਈ ਉਤਸ਼ਾਹਤ ਕਰਦੇ ਹਨ। ਡਾਇਰੈਕਟਰ ਡਾ. ਅਨੀਤ ਬੇਦੀ ਨੇ ਕਿਹਾ ਕਿ ਅਜੋਕੇ ਦੌਰ ਵਿਚ ਤਕਨੀਕੀ ਮੁਹਾਰਤ ਦੇ ਨਾਲ-ਨਾਲ ਨਵੀਨਤਾਕਾਰੀ ਸੋਚ ਬਹੁਤ ਜ਼ਰੂਰੀ ਹੈ। ਗਿਆਨ ਬਾਈਟ ਵਰਗੇ ਸਮਾਗਮ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਭਵਿੱਖੀ ਲੋੜਾਂ ਮੁਤਾਬਿਕ ਤਿਆਰ ਹੋਣ ਵਿਚ ਮਦਦ ਕਰਦੇ ਹਨ ਅਤੇ ਚੁਣੌਤੀਆਂ ਦਾ ਟਾਕਰਾ ਕਰਨ ਦੇ ਯੋਗ ਬਣਾਉਂਦੇ ਹਨ। ਅਖੀਰ ਵਿਚ ਜੇਤੂਆਂ ਨੂੰ ਟਰਾਫ਼ੀਆਂ ਅਤੇ ਇਨਾਮਾਂ ਦੀ ਵੰਡ ਕੀਤੀ।