ਇੰਸਪੈਕਟਰ ਅਮਨ ਬੈਦਵਾਨ ਨੇ ਸੰਭਾਲਿਆ ਥਾਣਾ ਫੇਜ਼-11 ਦਾ ਚਾਰਜ
ਇੰਸਪੈਕਟਰ ਅਮਨ ਬੈਦਵਾਨ ਨੇ ਸੰਭਾਲਿਆ ਥਾਣਾ ਫੇਜ਼-11 ਦਾ ਚਾਰਜ;
Publish Date: Sun, 04 Jan 2026 07:31 PM (IST)
Updated Date: Sun, 04 Jan 2026 07:32 PM (IST)

ਐੱਸਐੱਸਪੀ ਵੱਲੋਂ ਕੀਤੇ ਤਬਾਦਲਿਆਂ ਤੋਂ ਬਾਅਦ ਹੋਈ ਨਿਯੁਕਤੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਪੁਲਿਸ ਪ੍ਰਸ਼ਾਸਨ ਵਿਚ ਫੇਰਬਦਲ ਕਰਨ ਦੇ ਮਕਸਦ ਨਾਲ ਐੱਸਐੱਸਪੀ ਮੁਹਾਲੀ ਵੱਲੋਂ ਕੀਤੇ ਗਏ ਤਬਾਦਲਿਆਂ ਦੇ ਨਵੇਂ ਹੁਕਮਾਂ ਤਹਿਤ ਇੰਸਪੈਕਟਰ ਅਮਨ ਬੈਦਵਾਨ ਨੇ ਥਾਣਾ ਫੇਜ਼-11 ਦੇ ਮੁੱਖ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਪੁਲਿਸ ਲਾਈਨ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਅਮਨ ਬੈਦਵਾਨ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਪਹਿਲ ਮੁਹਾਲੀ ਸ਼ਹਿਰ ਵਿਚ ਅਪਰਾਧ ਨੂੰ ਨੱਥ ਪਾਉਣਾ ਅਤੇ ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਥਾਣਾ ਫੇਜ਼-11 ਦੇ ਅਧੀਨ ਆਉਂਦੇ ਇਲਾਕਿਆਂ ਵਿਚ ਕਿਸੇ ਵੀ ਤਰ੍ਹਾਂ ਦੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਜਨਤਾ ਦੇ ਵਿਚਕਾਰ ਤਾਲਮੇਲ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਪਣੀਆਂ ਸ਼ਿਕਾਇਤਾਂ ਪੁਲਿਸ ਤੱਕ ਪਹੁੰਚਾ ਸਕਣ। ਇੰਸਪੈਕਟਰ ਬੈਦਵਾਨ ਨੇ ਅੱਗੇ ਕਿਹਾ ਕਿ ਇਲਾਕੇ ਵਿਚ ਟ੍ਰੈਫਿਕ ਸਮੱਸਿਆਵਾਂ ਦੇ ਹੱਲ ਅਤੇ ਪੀਸੀਆਰ ਗਸ਼ਤ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਰਾਤ ਸਮੇਂ ਵੀ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਉਨ੍ਹਾਂ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਨਿਯੁਕਤੀ ਨਾਲ ਇਲਾਕਾ ਨਿਵਾਸੀਆਂ ਵਿਚ ਵੀ ਉਮੀਦ ਜਗੀ ਹੈ ਕਿ ਪੁਲਿਸ ਪ੍ਰਸ਼ਾਸਨ ਵਿਚ ਆਈ ਇਸ ਤਬਦੀਲੀ ਨਾਲ ਖੇਤਰ ਵਿਚ ਅਪਰਾਧਿਕ ਗਤੀਵਿਧੀਆਂ ਤੇ ਰੋਕ ਲੱਗੇਗੀ। ਅਹੁਦਾ ਸੰਭਾਲਣ ਮੌਕੇ ਥਾਣੇ ਦੇ ਸਟਾਫ਼ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਸਾਰੇ ਮੁਲਾਜ਼ਮਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ।