ਇੰਡਸ ਇੰਟਰਨੈਸ਼ਨਲ ਹਸਪਤਾਲ ’ਤੇ ਮੁੜ ਲਾਪਰਵਾਹੀ ਦੇ ਦੋਸ਼,

- ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਹੰਗਾਮਾ
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ
ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਇਕ ਵਾਰ ਮੁੜ ਤੋਂ ਵਿਵਾਦਾਂ ’ਚ ਘਿਰ ਗਿਆ ਹੈ। ਛਾਤੀ ਵਿਚ ਹਲਕੇ ਦਰਦ ਦੀ ਸ਼ਿਕਾਇਤ ਨਾਲ ਦਾਖ਼ਲ ਕਰਵਾਏ ਗਏ 35 ਸਾਲਾ ਦੀਪਕ ਦੀ 13 ਅਪ੍ਰੈਲ ਨੂੰ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਡਾਕਟਰਾਂ ’ਤੇ ਗੰਭੀਰ ਲਾਪ੍ਰਵਾਹੀ ਦੇ ਦੋਸ਼ ਲਾਏ ਹਨ। ਮ੍ਰਿਤਕ ਦੀ ਪਛਾਣ ਦੀਪਕ ਵਜੋਂ ਹੋਈ ਹੈ, ਜੋ ਡੇਰਾਬੱਸੀ ਦੀ ਜੀਬੀਪੀ ਸੁਸਾਇਟੀ ਦਾ ਵਸਨੀਕ ਸੀ ਅਤੇ ਸਪੇਅਰ ਪਾਰਟ ਡਿਸਟ੍ਰੀਬਿਊਟਰ ਵਜੋਂ ਕੰਮ ਕਰਦਾ ਸੀ। ਜਦੋਂਕਿ ਪਿੱਛੋਂ ਗੁਰਦਾਸਪੁਰ ਦੀਨਾਨਗਰ ਦੇ ਰਹਿਣ ਵਾਲੇ ਹਨ। ਮ੍ਰਿਤਕ ਦੇ ਪਿਤਾ ਲੋਕੇਦਰ ਸ਼ਰਮਾ ਨੇ ਦੱਸਿਆ ਕਿ ਦੀਪਕ ਨੂੰ 4 ਅਪ੍ਰੈਲ ਨੂੰ ਹਲਕੇ ਦਰਦ ਤੋਂ ਬਾਅਦ ਆਪ ਹੀ ਗੱਡੀ ਚਲਾ ਕੇ ਇੰਡਸ ਇੰਟਰਨੈਸ਼ਨਲ ਹਸਪਤਾਲ ਵਿਚ ਦਾਖ਼ਲ ਹੋਇਆ ਸੀ, ਜਿੱਥੇ ਡਾਕਟਰਾਂ ਨੇ ਉਸ ਦੇ ਦਿਲ ਵਿਚ ਸਟੰਟ ਪਾਇਆ। ਪਰਿਵਾਰ ਦਾ ਦੋਸ਼ ਹੈ ਕਿ ਸਟੰਟ ਪਾਉਣ ਤੋਂ ਬਾਅਦ ਹੀ ਦੀਪਕ ਦੀ ਹਾਲਤ ਵਿਗੜਣ ਲੱਗ ਪਈ। ਡਾਕਟਰਾਂ ਨੇ ਬਾਅਦ ਵਿਚ ਦਿਮਾਗ ਵਿਚ ਬਲੌਕੇਜ ਹੋਣ ਦੀ ਗੱਲ ਕਹਿ ਕੇ ਉਸ ਦਾ ਆਪ੍ਰੇਸ਼ਨ ਕਰ ਦਿੱਤਾ, ਪਰ ਆਪ੍ਰੇਸ਼ਨ ਤੋਂ ਬਾਅਦ ਦੀਪਕ ਨੂੰ ਹੋਸ਼ ਨਹੀਂ ਆਇਆ ਅਤੇ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ। ਸੋਮਵਾਰ 13 ਅਪ੍ਰੈਲ ਸ਼ਾਮ ਕਰੀਬ 5 ਵਜੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਪਤਨੀ, ਭਰਾ ਅਤੇ ਪਿਤਾ ਨੇ ਦਾਅਵਾ ਕੀਤਾ ਕਿ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਹੀ ਦੀਪਕ ਦੀ ਮੌਤ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਪੂਰੀ ਜਾਣਕਾਰੀ ਦੇ ਦਿਮਾਗ ਦਾ ਆਪ੍ਰੇਸ਼ਨ ਕੀਤਾ ਗਿਆ ਅਤੇ ਮਰੀਜ਼ ਨੂੰ ਵੈਂਟੀਲੇਟਰ ’ਤੇ ਰੱਖ ਕੇ ਪਰਿਵਾਰ ਤੋਂ ਲੱਖਾਂ ਰੁਪਏ ਵਸੂਲੇ ਗਏ। ਪਰਿਵਾਰ ਨੇ ਡਾ. ਰਜਨੀਸ਼ ਕੁਮਾਰ ਅਤੇ ਡਾ. ਅਸ਼ਵਨੀ ਬਾਂਸਲ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਇਸ ਸਬੰਧੀ ਡੇਰਾਬੱਸੀ ਦੇ ਥਾਣਾ ਮੁਖੀ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਪਰਿਵਾਰ ਵੱਲੋਂ ਸ਼ਿਕਾਇਤ ਮਿਲੀ ਹੈ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ’ਚ ਰਖਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਸਿਵਲ ਸਰਜਨ ਮੁਹਾਲੀ ਵੱਲੋਂ ਮਾਹਰਾਂ ਦਾ ਪੈਨਲ ਬਣਾਇਆ ਜਾਵੇਗਾ ਅਤੇ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਪ੍ਰੈਲ 2023 ਵਿਚ ਵੀ ਇਸੇ ਹਸਪਤਾਲ ’ਤੇ ਕਿਡਨੀ ਰਿਪਲੇਸਮੈਂਟ ਦੇ ਨਾਂ ’ਤੇ ਲੱਖਾਂ ਰੁਪਏ ਦੇ ਹੇਰਫੇਰ ਦੇ ਗੰਭੀਰ ਦੋਸ਼ ਲੱਗ ਚੁੱਕੇ ਹਨ। ਜਦੋਂ ਇਸ ਬਾਰੇ ਇੰਡਸ ਇੰਟਰਨੈਸ਼ਨਲ ਹਸਪਤਾਲ ਦੇ ਜੀਐੱਮ ਆਪ੍ਰੇਸ਼ਨ ਵਿਨਿਸ ਨਰੂਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਨੂੰ ਹਾਰਟ ਦੀ ਦਿੱਕਤ ਸੀ। ਜਿਸ ਦਾ ਹਸਪਤਾਲ ਦੇ ਡਾਕਟਰਾਂ ਵੱਲੋਂ ਆਪ੍ਰੇਸ਼ਨ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਸ ਦੀ ਹਾਲਤ ਸਥਿਰ ਨਹੀਂ ਹੋਈ ਅਤੇ ਉਸ ਦਾ ਸੀਟੀ ਸਕੈਨ ਕੀਤਾ ਗਿਆ, ਜਿਸ ਵਿਚ ਉਸ ਦੇ ਦਿਮਾਗ ’ਚ ਵਿਚ ਵੀ ਬਲੌਕੇਜ ਪਾਈ ਗਈ। ਜਿਸ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਮ੍ਰਿਤਕ ਦੇ ਦਿਮਾਗ ਦਾ ਆਪ੍ਰੇਸ਼ਨ ਕੀਤਾ ਗਿਆ ਪਰ ਅਫਸੋਸ ਅੱਜ ਸ਼ਾਮ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹਸਪਤਾਲ ਪ੍ਰਬੰਧਕਾਂ ਵੱਲੋਂ ਵੀ ਦੁੱਖ ਜਾਹਰ ਕੀਤਾ ਗਿਆ ਹੈ। ਉਨ੍ਹਾਂ ਪਰਿਵਾਰ ਵੱਲੋਂ ਹਸਪਤਾਲ ’ਤੇ ਇਲਾਜ ਦੌਰਾਨ ਕੁਤਾਹੀ ਵਰਤਣ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।