ਇੰਡੀਆ ਇੰਟਰਨੈਸ਼ਨਲ ਡਾਂਸ ਐਂਡ ਮਿਊਜ਼ਿਕ ਫੈਸਟੀਵਲ ਦਾ ਆਗ਼ਾਜ਼
ਸੀਯੂ ਵਿਖੇ ਇੰਡੀਆ ਇੰਟਰਨੈਸ਼ਨਲ ਡਾਂਸ ਐਂਡ ਮਿਊਜ਼ਿਕ ਫੈਸਟੀਵਲ ਦਾ ਸ਼ਾਨਦਾਰ ਆਗ਼ਾਜ਼
Publish Date: Mon, 19 Jan 2026 05:54 PM (IST)
Updated Date: Tue, 20 Jan 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਚੰਡੀਗੜ੍ਹ ਯੂਨੀਵਰਸਿਟੀ ਵਿਖੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ ਦੇ ਸਹਿਯੋਗ ਨਾਲ ਦੋ-ਰੋਜ਼ਾ 11ਵੇਂ ਇੰਡੀਆ ਇੰਟਰਨੈਸ਼ਨਲ ਡਾਂਸ ਐਂਡ ਮਿਊਜ਼ਿਕ ਫੈਸਟੀਵਲ 2026 ਦਾ ਬੀਤੇ ਦਿਨ ਸ਼ਾਨਦਾਰ ਆਗ਼ਾਜ਼ ਹੋਇਆ। ‘ਇਕ ਦੁਨੀਆ ਅਨੇਕ ਸੱਭਿਆਚਾਰ’ ਥੀਮ ’ਤੇ ਆਧਾਰਤ ਇਸ ਉਤਸਵ ਵਿਚ ਵਿਸ਼ਵ ਦੇ 33 ਮੁਲਕਾਂ ਤੋਂ ਆਏ 350 ਤੋਂ ਵੱਧ ਕਲਾਕਾਰਾਂ ਨੇ ਆਪਣੀਆਂ ਕਲਾਤਮਕ ਪੇਸ਼ਕਾਰੀਆਂ ਰਾਹੀਂ ਵਿਸ਼ਵ ਏਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ। ਸਮਾਰੋਹ ਵਿਚ ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਅਰਵਿੰਦ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਆਈਸੀਸੀਆਰ ਦੀ ਡਾਇਰੈਕਟਰ ਜਨਰਲ ਕੇ. ਨੰਦਿਨੀ ਸਿੰਗਲਾ ਅਤੇ ਰਾਜ ਸਭਾ ਮੈਂਬਰ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।
ਫੈਸਟੀਵਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਪੰਜਾਬ ਦੇ ਰਵਾਇਤੀ ਲੋਕ ਨਾਚ ‘ਲੁੱਡੀ’ ਨਾਲ ਹੋਈ। ਇਸ ਤੋਂ ਬਾਅਦ ਡਾ. ਐੱਲ. ਸੁਬਰਾਮਨੀਅਮ ਅਤੇ ਕਵਿਤਾ ਕ੍ਰਿਸ਼ਨਾਮੂਰਤੀ ਦੀ ਅਗਵਾਈ ਹੇਠ 80-ਮੈਂਬਰੀ ‘ਲਕਸ਼ਮੀ ਨਾਰਾਇਣ ਗਲੋਬਲ ਮਿਊਜ਼ਿਕ ਫੈਸਟੀਵਲ ਗਰੁੱਪ’ ਨੇ ਆਪਣੀ ਗਾਇਕੀ ਨਾਲ ਸਭ ਨੂੰ ਮੰਤਰ-ਮੁਗਧ ਕਰ ਦਿੱਤਾ। ਕਜ਼ਾਖ਼ਸਤਾਨ ਦੇ ‘ਗੱਕੂ'’ ਡਾਂਸ ਗਰੁੱਪ ਨੇ ਘੋੜਸਵਾਰਾਂ ਦੀ ਬਹਾਦਰੀ ਪੇਸ਼ ਕੀਤੀ, ਜਦਕਿ ਕਿਰਗੀਸਤਾਨ ਦੇ ‘ਆਲਮ’ ਅਤੇ ‘ਅਦੇਮੀ’ ਸਮੂਹਾਂ ਨੇ ਖਾਨਾਬਦੋਸ਼ ਵਿਰਾਸਤ ਦੀ ਝਲਕ ਦਿਖਾਈ। ਮਲੇਸ਼ੀਆ ਦੀ ਸੂਤਰ ਫਾਊਂਡੇਸ਼ਨ ਨੇ ‘ਰਾਧੇ-ਰਾਧੇ: ਦ ਸਵੀਟ ਸਰੈਂਡਰ’ ਪੇਸ਼ਕਾਰੀ ਰਾਹੀਂ ਭਾਰਤੀ ਅਧਿਆਤਮਿਕਤਾ ਦੇ ਰੰਗ ਬਿਖੇਰੇ।
ਕੈਬਨਿਟ ਮੰਤਰੀ ਅਰਵਿੰਦ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਫੈਸਟੀਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਾਸੂਦੇਵ ਕੁਟੁੰਬਕਮ’ (ਪੂਰੀ ਦੁਨੀਆ ਇਕ ਪਰਿਵਾਰ ਹੈ) ਦੇ ਨਾਅਰੇ ਨੂੰ ਸਾਰਥਕ ਕਰਦਾ ਹੈ। ਅਜਿਹੇ ਸਮਾਗਮ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਗਲੋਬਲ ਨਾਗਰਿਕ ਬਣਨ ਵਿਚ ਸਹਾਈ ਹੁੰਦੇ ਹਨ। ਚਾਂਸਲਰ ਸੰਧੂ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਪੱਧਰ ’ਤੇ ਸਿੱਖਿਆ ਅਤੇ ਸੈਰ-ਸਪਾਟੇ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਚ 3000 ਵਿਦੇਸ਼ੀ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਕਲਾ ਹੀ ਉਹ ਜ਼ੁਬਾਨ ਹੈ ਜੋ ਵੱਖ-ਵੱਖ ਦੇਸ਼ਾਂ ਨੂੰ ਆਪਸ ਵਿਚ ਜੋੜਦੀ ਹੈ। ਇਸ ਮੌਕੇ ਨੇਪਾਲ, ਭੂਟਾਨ, ਸ਼੍ਰੀਲੰਕਾ, ਥਾਈਲੈਂਡ, ਉਜ਼ਬੇਕਿਸਤਾਨ ਸਮੇਤ ਅਫਰੀਕੀ ਦੇਸ਼ਾਂ ਦੇ ਕਲਾਕਾਰਾਂ ਨੇ ਵੀ ਆਪਣੀਆਂ ਮਨਮੋਹਕ ਝਾਕੀਆਂ ਪੇਸ਼ ਕੀਤੀਆਂ।