ਸੈਕਟਰ-82 ਦੀਆਂ ਕਈ ਸੜਕਾਂ ਦੀ ਹਾਲਤ ਖ਼ਸਤਾ, ਲੋਕ ਪਰੇਸ਼ਾਨ
ਅਧੂਰਾ ਵਿਕਾਸ: ਸੈਕਟਰ-82 ਦੀਆਂ ਕਈ ਸੜਕਾਂ ਦੀ ਹਾਲਤ ਖ਼ਸਤਾ, ਲੋਕ ਪਰੇਸ਼ਾਨ
Publish Date: Tue, 14 Apr 2026 06:34 PM (IST)
Updated Date: Wed, 15 Apr 2026 04:12 AM (IST)

ਗਮਾਡਾ ਅਧਿਕਾਰੀਆਂ ਦਾ ਬੂਹਾ ਖੜਕਾ ਚੁੱਕੇ ਹਨ ਪੀੜਤ ਲੋਕ ਪਰ ਹੁਣ ਤੱਕ ਕਿਸੇ ਸਮੱਸਿਆ ਦਾ ਹੱਲ ਨਹੀਂ ਹੋਇਆ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ: ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪ੍ਰੋਗਰੈਸਿਵ ਪੰਜਾਬ ਸਮਿਟ ਦੌਰਾਨ ਆਈਟੀ ਸਿਟੀ ਸੈਕਟਰ-82 ਦੇ ਆਲੇ-ਦੁਆਲੇ ਇਲਾਕੇ ਨੂੰ ਸੁੰਦਰ ਬਣਾਉਣ ਲਈ ਭਾਵੇ ਵਿਸ਼ੇਸ਼ ਕੰਮ ਕੀਤੇ ਗਏ ਸਨ। ਸਮਾਗਮ ਵਾਲੀ ਥਾਂ ਦੇ ਆਲੇ-ਦੁਆਲੇ ਦੀਆਂ ਸੜਕਾਂ, ਲਾਈਟਿੰਗ ਅਤੇ ਸਾਫ਼-ਸਫ਼ਾਈ ਵੱਲ ਖ਼ਾਸ ਧਿਆਨ ਦਿੱਤਾ ਗਿਆ ਤਾਂ ਜੋ ਬਾਹਰੋਂ ਆਉਣ ਵਾਲੇ ਮਹਿਮਾਨਾਂ ਤੇ ਚੰਗਾ ਪ੍ਰਭਾਵ ਪੈ ਸਕੇ ਪ੍ਰੰਤੂ ਸਮਿਟ ਖ਼ਤਮ ਹੋਣ ਤੋਂ ਬਾਅਦ ਇਲਾਕੇ ਦੇ ਬਾਕੀ ਹਿੱਸਿਆਂ ਦੇ ਲੋਕ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਇਹ ਸਾਰਾ ਇਲਾਕਾ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੈ। ਐਰੋਸਿਟੀ ਦੇ ਵਸਨੀਕ ਸ਼ਿਆਮ ਸ਼ਰਮਾ ਨੇ ਕਿਹਾ ਕਿ ਏਅਰਪੋਰਟ ਸੜਕ ਤੋਂ ਐਰੋਸਿਟੀ ਦੇ ਐਂਟਰੀ ਪੁਆਇੰਟ ਤੋਂ ਐਗਜਿਟ ਤੱਕ ਟੁੱਟੀਆਂ ਸੜਕਾਂ ਹਰੇਕ ਆਉਣ ਵਾਲੇ ਦਾ ਪਿੱਛਾ ਕਰਦੀਆਂ ਹਨ। ਸੜਕਾਂ ਵਿਚ ਟੋਟੇ ਪੈਣ ਕਾਰਨ ਸਥਾਨਕ ਲੋਕਾਂ ਨੂੰ ਆਉਣ ਜਾਣ ਵਿਚ ਕਾਫ਼ੀ ਮੁਸ਼ਕਲ ਹੁੰਦੀ ਹੈ। ਇਸ ਸਬੰਧੀ ਉਹ ਕਈ ਵਾਰ ਗਮਾਡਾ ਅਧਿਕਾਰੀਆਂ ਦਾ ਬੂਹਾ ਖੜਕਾ ਚੁੱਕੇ ਹਨ ਪਰ ਹੁਣ ਤੱਕ ਕਿਸੇ ਸਮੱਸਿਆ ਦਾ ਹੱਲ ਨਹੀਂ ਹੋਇਆ। ਹਰਜਿੰਦਰ ਸਿੰਘ, ਗੁਰਨਾਮ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ, ਕਰਨਵੀਰ ਸਿੰਘ, ਮਨਿੰਦਰਪਾਲ ਕੌਰ, ਹਰਪਾਲ ਸਿੰਘ ਅਤੇ ਪੂਜਾ ਨੇ ਦੱਸਿਆ ਕਿ ਸੈਕਟਰ-82 ਦੀਆਂ ਕਈ ਸੜਕਾਂ ’ਤੇ ਚੱਲਣਾ ਮੁਸ਼ਕਲ ਹੋ ਗਿਆ ਹੈ। ਬਰਸਾਤ ਦੇ ਦਿਨਾਂ ਵਿਚ ਸਥਿਤੀ ਹੋਰ ਵੀ ਖ਼ਰਾਬ ਹੋ ਜਾਂਦੀ ਹੈ, ਜਿਸ ਕਾਰਨ ਪੈਦਲ ਚੱਲਣ ਵਾਲਿਆਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੇਕਰ ਸਰਕਾਰ ਵੱਡੇ ਸਮਾਗਮਾਂ ਲਈ ਇਲਾਕੇ ਨੂੰ ਸੁੰਦਰ ਬਣਾ ਸਕਦੀ ਹੈ ਤਾਂ ਸਥਾਈ ਤੌਰ ਤੇ ਇੱਥੋਂ ਦੀਆਂ ਸੜਕਾਂ ਅਤੇ ਬੁਨਿਆਦੀ ਸਹੂਲਤਾਂ ਨੂੰ ਕਿਉਂ ਨਹੀਂ ਠੀਕ ਕੀਤਾ ਜਾਂਦਾ? ਬਾਕਸ: ਲੋਕਾਂ ਦੀਆਂ ਮੁੱਖ ਮੰਗਾਂ: ਸਮੁੱਚੇ ਆਈਟੀ ਸਿਟੀ ਖੇਤਰ ਦੀਆਂ ਸੜਕਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ, ਸਾਰੇ ਇਲਾਕਿਆਂ ਨੂੰ ਬਰਾਬਰ ਰੂਪ ਵਿਚ ਵਿਕਸਤ ਕੀਤਾ ਜਾਵੇ, ਸਿਰਫ਼ ਵੀਆਈਪੀ ਮੂਵਮੈਂਟ ਦੀ ਬਜਾਏ ਆਮ ਲੋਕਾਂ ਦੀਆਂ ਸਹੂਲਤਾਂ ਨੂੰ ਪਹਿਲ ਦਿੱਤੀ ਜਾਵੇ। ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਕਈ ਵਾਰ ਸਬੰਧਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਹੁਣ ਦੇਖਣਾ ਇਹ ਹੋਵੇਗਾ ਕਿ ਸੂਬਾ ਸਰਕਾਰ ਲੋਕਾਂ ਦੀਆਂ ਇਨ੍ਹਾਂ ਜਾਇਜ਼ ਅਤੇ ਬੁਨਿਆਦੀ ਮੰਗਾਂ ਵੱਲ ਕਦੋਂ ਧਿਆਨ ਦਿੰਦੀ ਹੈ। ਬਾਕਸ: ਸਿਰਫ਼ ਦਿਖਾਵੇ ਲਈ ਹੋਇਆ ਵਿਕਾਸ? ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਇਕ ਪਾਸੇ ਸਮਾਗਮ ਵਾਲੀ ਥਾਂ ਦੇ ਆਲੇ-ਦੁਆਲੇ ਦੀਆਂ ਸੜਕਾਂ ਚਮਕ ਰਹੀਆਂ ਹਨ, ਉੱਥੇ ਦੂਜੇ ਪਾਸੇ ਕਈ ਗਲੀਆਂ ਅਤੇ ਸੜਕਾਂ ਦੀ ਹਾਲਤ ਬੇਹੱਦ ਮਾੜੀ ਹੈ। ਟੁੱਟੀਆਂ ਸੜਕਾਂ, ਟੋਇਆਂ ਅਤੇ ਜਲ-ਥਲ ਦੀ ਸਮੱਸਿਆ ਨਾਲ ਲੋਕ ਰੋਜ਼ਾਨਾ ਜੂਝ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਸਰਕਾਰ ਨੇ ਸਿਰਫ਼ ਦਿਖਾਵੇ ਲਈ ਸੀਮਤ ਖੇਤਰ ਵਿਚ ਹੀ ਵਿਕਾਸ ਕਾਰਜ ਕਰਵਾਏ, ਜਦੋਂ ਕਿ ਬਾਕੀ ਇਲਾਕੇ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ।