ਤਹਿਸੀਲ ਰੋਡ ’ਤੇ ਗ਼ਲਤ ਪਾਰਕਿੰਗ ਬਣੀ ਵੱਡੀ ਸਮੱਸਿਆ
ਤਹਿਸੀਲ ਰੋਡ ’ਤੇ ਗ਼ਲਤ ਪਾਰਕਿੰਗ ਬਣੀ ਵੱਡੀ ਸਮੱਸਿਆ, ਲੋਕ ਪਰੇਸ਼ਾਨ,
Publish Date: Tue, 06 Jan 2026 07:13 PM (IST)
Updated Date: Tue, 06 Jan 2026 07:14 PM (IST)

ਲੋਕ ਪਰੇਸ਼ਾਨ, ਟ੍ਰੈਫਿਕ ਇੰਚਾਰਜ ਨੇ ਵਾਹਨਾਂ ਦੇ ਕੀਤੇ ਚਾਲਾਨ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਤਹਿਸੀਲ ਰੋਡ, ਜੋ ਕਿ ਸ਼ਹਿਰ ਦਾ ਇਕ ਮਹੱਤਵਪੂਰਨ ਰਸਤਾ ਹੈ, ਅੱਜ-ਕੱਲ ਗ਼ਲਤ ਪਾਰਕਿੰਗ ਦੀ ਸਮੱਸਿਆ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸੜਕ ’ਤੇ ਸਾਰਾ ਦਿਨ ਲੋਕ ਬੇਤਰਤੀਬੀ ਨਾਲ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਜਾਂਦੇ ਹਨ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ। ਸੜਕ ਦੇ ਦੋਵੇਂ ਪਾਸਿਆਂ ’ਤੇ ਗੱਡੀਆਂ ਖੜ੍ਹੀਆਂ ਹੋਣ ਕਾਰਨ ਅਕਸਰ ਟ੍ਰੈਫਿਕ ਜਾਮ ਦੀ ਸਥਿਤੀ ਬਣ ਜਾਂਦੀ ਹੈ। ਜਿਸ ਤੋਂ ਬਾਅਦ ਮੰਗਲਵਾਰ ਨੂੰ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਹਰਕਤ ਵਿਚ ਆਉਂਦਿਆਂ ਹੀ ਤਹਿਸੀਲ ਰੋਡ ’ਤੇ ਨੋ-ਪਾਰਕਿੰਗ ਜ਼ੋਨ ਵਿਚ ਖੜ੍ਹੇ ਵਾਹਨਾਂ ਦੇ ਚਾਲਾਨ ਕੀਤੇ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਤਹਿਸੀਲ ਰੋਡ ’ਤੇ ਤਹਿਸੀਲ ਦਫ਼ਤਰ, ਸਬ-ਰਜਿਸਟਰਾਰ ਦਫ਼ਤਰ ਅਤੇ ਹੋਰ ਸਰਕਾਰੀ ਅਦਾਰੇ ਹੋਣ ਕਾਰਨ ਹਰ ਰੋਜ਼ ਸੈਂਕੜਿਆਂ ਲੋਕਾਂ ਦੀ ਆਵਾਜਾਈ ਰਹਿੰਦੀ ਹੈ ਪਰ ਉੱਚਿਤ ਪਾਰਕਿੰਗ ਦੀ ਵਿਵਸਥਾ ਨਾ ਹੋਣ ਕਾਰਨ ਲੋਕ ਆਪਣੀਆਂ ਗੱਡੀਆਂ ਸੜਕ ਉੱਪਰ ਹੀ ਖੜ੍ਹੀਆਂ ਕਰ ਦਿੰਦੇ ਹਨ। ਇਸ ਨਾਲ ਨਾ ਸਿਰਫ਼ ਟ੍ਰੈਫਿਕ ਹੌਲੀ ਚੱਲਦੀ ਹੈ, ਸਗੋਂ ਹਾਦਸਿਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਜਿਸ ਕਾਰਨ ਰੋਜ਼ਾਨਾ ਰਾਹਗੀਰਾਂ, ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਇਸ ਸਮੱਸਿਆ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਐਂਬੂਲੈਂਸ ਅਤੇ ਹੋਰ ਐਮਰਜੈਂਸੀ ਵਾਹਨ ਵੀ ਜਾਮ ਵਿਚ ਫਸ ਜਾਂਦੇ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਇਲਾਕੇ ਦੇ ਦੁਕਾਨਦਾਰਾਂ ’ਤੇ ਵੀ ਗ਼ਲਤ ਪਾਰਕਿੰਗ ਦੇ ਦੋਸ਼ ਲੱਗ ਰਹੇ ਹਨ, ਕਿਉਂਕਿ ਕਈ ਦੁਕਾਨਦਾਰ ਆਪਣੇ ਗਾਹਕਾਂ ਲਈ ਸੜਕ ਨੂੰ ਹੀ ਪਾਰਕਿੰਗ ਸਥਾਨ ਬਣਾ ਲੈਂਦੇ ਹਨ। ਇਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤ ਹੁੰਦੀ ਹੈ ਅਤੇ ਕਈ ਵਾਰ ਤਕਰਾਰ ਦੀ ਸਥਿਤੀ ਵੀ ਬਣ ਜਾਂਦੀ ਹੈ। ਜਿਸ ਤੋਂ ਬਾਅਦ ਅੱਜ ਟ੍ਰੈਫਿਕ ਇੰਚਾਰਜ ਡੇਰਾਬੱਸੀ ਸੁਰਿੰਦਰ ਸਿੰਘ ਨੇ ਹਰਕਤ ਵਿਚ ਆਉਂਦਿਆਂ ਹੀ ਤਹਿਸੀਲ ਰੋਡ ’ਤੇ ਨੋ-ਪਰਾਕਿੰਗ ਜ਼ੋਨ ਅਤੇ ਸੜਕ ਕਿਨਾਰੇ ਗ਼ਲਤ ਤਰੀਕੇ ਨਾਲ ਖੜ੍ਹੇ ਵਾਹਨਾਂ ਦੇ ਚਾਲਾਨ ਕੀਤੇ। ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੜਕ ਕਿਨਾਰੇ ਨੌ-ਪਾਰਕਿੰਗ ਜ਼ੋਨ ਅਤੇ ਸੜਕ ਕਿਨਾਰੇ ਗ਼ਲਤ ਤਰੀਕੇ ਨਾਲ ਆਪਣੇ ਵਾਹਨ ਨਾ ਖੜ੍ਹੇ ਕਰਨ ਤਾਂਕਿ ਤਹਿਸੀਲ ਰੋਡ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।