ਚੰਡੀਗੜ੍ਹ ਨਗਰ ਨਿਗਮ ਦੀ ਅਹਿਮ ਬੈਠਕ ਅੱਜ, ਫਰੀ ਪਾਰਕਿੰਗ ਪੇਡ ਕਰਨ ਸਮੇਤ ਕਈ ਵੱਡੇ ਫ਼ੈਸਲੇ ਸੰਭਵ

ਤਰੁਣ ਭਜਨੀ, ਪੰਜਾਬੀ ਜਾਗਰਣ
ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੇ ਜਨਰਲ ਹਾਊਸ ਦੀ 358ਵੀਂ ਅਹਿਮ ਬੈਠਕ ਬੁੱਧਵਾਰ, 11 ਫਰਵਰੀ ਨੂੰ ਨਿਗਮ ਭਵਨ ਦੇ ਅਸੈਂਬਲੀ ਹਾਲ ’ਚ ਹੋਣ ਜਾ ਰਹੀ ਹੈ। ਇਸ ਬੈਠਕ ਲਈ ਜਾਰੀ ਕੀਤੇ ਗਏ ਸਪਲੀਮੈਂਟਰੀ ਏਜੰਡੇ ’ਚ ਸ਼ਹਿਰ ਦੇ ਵਿਕਾਸ ਤੇ ਨਿਗਮ ਦੀ ਆਮਦਨ ਵਧਾਉਣ ਨਾਲ ਸਬੰਧਤ ਕਈ ਵੱਡੇ ਫ਼ੈਸਲੇ ਲਏ ਜਾਣੇ ਹਨ। ਇਸ ਵਾਰ ਸਭ ਤੋਂ ਵੱਡਾ ਫ਼ੈਸਲਾ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿਚ ਮੌਜੂਦਾ ਫਰੀ ਪਾਰਕਿੰਗ ਨੂੰ ਪੇਡ ਪਾਰਕਿੰਗ ਵਿਚ ਬਦਲਣ ਦਾ ਹੈ, ਜਿਸ ਲਈ ਨਿਗਮ ਵੱਲੋਂ 213 ਨਵੇਂ ਸਥਾਨਾਂ ਦੀ ਪਛਾਣ ਕੀਤੀ ਗਈ ਹੈ। ਨਿਗਮ ਦਾ ਕਹਿਣਾ ਹੈ ਕਿ ਵਾਰਡ ਕੌਂਸਲਰਾਂ ਦੀ ਸਹਿਮਤੀ ਨਾਲ ਇਨ੍ਹਾਂ ਖਾਲੀ ਪਈਆਂ ਥਾਵਾਂ ਨੂੰ ਪੇਡ ਪਾਰਕਿੰਗ ਬਣਾਕੇ ਨਿਗਮ ਦੀ ਆਮਦਨ ਵਿਚ ਵਾਧਾ ਕੀਤਾ ਜਾਵੇਗਾ। ਪਹਿਲੇ ਦੌਰ ਵਿਚ 20 ਤੋਂ 25 ਸਥਾਨਾਂ ਨੂੰ ਟਰਾਇਲ ਆਧਾਰ ’ਤੇ ਚਲਾਇਆ ਜਾਵੇਗਾ ਅਤੇ ਸਫ਼ਲਤਾ ਮਿਲਣ ’ਤੇ ਇਨ੍ਹਾਂ ਨੂੰ ਸਥਾਈ ਤੌਰ ’ਤੇ ਪੇਡ ਪਾਰਕਿੰਗ ਐਲਾਨ ਕਰ ਦਿੱਤਾ ਜਾਵੇਗਾ।
ਨਿਗਮ ਵੱਲੋਂ ਸੈਕਟਰ-25 ਸਥਿਤ ਸ਼ਮਸ਼ਾਨ ਘਾਟ ਦੀ ਹਾਲਤ ਸੁਧਾਰਣ ਲਈ ਵੀ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਇਸ ਤਹਿਤ ਹਿੰਦੂ ਅਤੇ ਸਿੱਖ ਸ਼ਮਸ਼ਾਨ ਘਾਟ, ਐੱਲਪੀਜੀ ਕ੍ਰੀਮੇਟੋਰਿਯਮ, ਮੁਸਲਿਮ ਅਤੇ ਈਸਾਈ ਕਬਰਸਤਾਨ ਸਮੇਤ ਬਹਾਈ ਗੁਲਿਸਤਾਨ ਦੀ ਵਿਸ਼ੇਸ਼ ਮੁਰੰਮਤ ਅਤੇ ਸੰਭਾਲ ਲਈ 440.70 ਲੱਖ ਰੁਪਏ ਦਾ ਅਨੁਮਾਨਿਤ ਬਜਟ ਪੇਸ਼ ਕੀਤਾ ਗਿਆ ਹੈ। ਇਸ ਕੰਮ ਵਿਚ ਫਰਸ਼ ਦੀ ਮੁਰੰਮਤ, ਰੰਗ-ਰੋਗਨ, ਸਟੀਲ ਕੰਮ ਅਤੇ ਬਿਜਲੀ ਤੇ ਬਾਗਬਾਨੀ ਸੇਵਾਵਾਂ ਵਿਚ ਸੁਧਾਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਤੰਬਰ 2025 ਵਿਚ ਕਮਿਸ਼ਨਰ ਦੇ ਦੌਰੇ ਦੌਰਾਨ ਇਨ੍ਹਾਂ ਥਾਵਾਂ ਦੀ ਤਰਸਯੋਗ ਹਾਲਤ ਦੇਖਦੇ ਹੋਏ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ।
ਬੈਠਕ ਦੌਰਾਨ ਪਾਰਕਿੰਗ ਸਿਸਟਮ ਵਿਚ ਇਕ ਹੋਰ ਵੱਡੀ ਸਹੂਲਤ ‘ਐਨੂਅਲ ਪਾਰਕਿੰਗ ਪਾਸ’ ਦੇ ਰੂਪ ਵਿਚ ਪੇਸ਼ ਕੀਤੀ ਜਾ ਰਹੀ ਹੈ। ਨਿਗਮ ਵੱਲੋਂ ਹਾਲ ਹੀ ਵਿਚ ਲਾਂਚ ਕੀਤੇ ਗਏ ‘ਐਮਸੀ ਵਨ ਪਾਸ’ ਨੂੰ ਮਿਲੇ ਵੱਡੇ ਰਿਸਪਾਂਸ ਤੋਂ ਬਾਅਦ ਹੁਣ ਸਾਲਾਨਾ ਪਾਸ ’ਤੇ 10 ਫ਼ੀਸਦੀ ਛੂਟ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਤਹਿਤ ਕਾਰ ਮਾਲਕਾਂ ਲਈ 5,400 ਰੁਪਏ ਅਤੇ ਦੁਪਹੀਆ ਵਾਹਨਾਂ ਲਈ 2,700 ਰੁਪਏ ਦਾ ਸਾਲਾਨਾ ਪਾਸ ਬਣਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਵਾਰ-ਵਾਰ ਮਹੀਨਾਵਾਰ ਪਾਸ ਰਿਨਿਊ ਕਰਵਾਉਣ ਦੀ ਲੋੜ ਨਹੀਂ ਰਹੇਗੀ। ਇਸ ਤੋਂ ਇਲਾਵਾ, ਪਾਰਕਿੰਗ ਨਾਲ ਜੁੜੇ ਇਕ ਹੋਰ ਏਜੰਡੇ ਵਿਚ ‘ਸਟਿਲਟ ਪਾਰਕਿੰਗ’ ’ਤੇ ਪ੍ਰਾਪਰਟੀ ਟੈਕਸ ਦੀ ਦਰਾਂ ਤੈਅ ਕਰਨ ’ਤੇ ਵੀ ਚਰਚਾ ਹੋਵੇਗੀ। ਹਾਊਸ ਟੈਕਸ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਜਿੱਥੇ ਸਟਿਲਟ ਪਾਰਕਿੰਗ ਲਈ ਫੀਸ ਲਈ ਜਾਂਦੀ ਹੈ, ਉੱਥੇ ਗ੍ਰਾਊਂਡ ਫਲੋਰ ਦੀਆਂ ਦਰਾਂ ਲਾਗੂ ਕੀਤੀਆਂ ਜਾਣ।
ਟੂਰਿਸਟ ਬੱਸਾਂ ਦੇ ਸੰਚਾਲਨ ਨੂੰ ਲੈ ਕੇ ਵੀ ਨਿਗਮ ਸਖ਼ਤ ਰਵੱਈਆ ਅਪਣਾਉਣ ਦੀ ਤਿਆਰੀ ਵਿਚ ਹੈ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਟੂਰਿਸਟ ਬੱਸਾਂ ਲਈ ਹਲੌਮਾਜਰਾ, ਮਨੀਮਾਜਰਾ ਅਤੇ ਸਾਰੰਗਪੁਰ ਵਿਚ ਵਿਸ਼ੇਸ਼ ਪਾਰਕਿੰਗ ਸਥਲ ਬਣਾਉਣ ਦੀ ਯੋਜਨਾ ਹੈ। ਨਿਗਮ ਨੇ ਪ੍ਰਸਤਾਵ ਦਿੱਤਾ ਹੈ ਕਿ ਇਨ੍ਹਾਂ ਬੱਸਾਂ ਲਈ ਮਹੀਨਾਵਾਰ ਪਾਸ ਦੀ ਫੀਸ 3,000 ਰੁਪਏ ਹੋਵੇਗੀ ਅਤੇ ਦਿਨ ਦਾ ਦਾਖ਼ਲਾ ਸ਼ੁਲਕ 280 ਰੁਪਏ ਤੈਅ ਕੀਤਾ ਗਿਆ ਹੈ। ਗ਼ੈਰ-ਕਾਨੂੰਨੀ ਪਾਰਕਿੰਗ ਕਰਨ ਵਾਲੀਆਂ ਟੂਰਿਸਟ ਬੱਸਾਂ ’ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ, ਪਹਿਲੀ ਵਾਰ 5,000 ਰੁਪਏ, ਦੂਜੀ ਵਾਰ 10,000 ਰੁਪਏ ਅਤੇ ਤੀਜੀ ਵਾਰ 15,000 ਰੁਪਏ। ਚੌਥੀ ਵਾਰ ਨਿਯਮਾਂ ਦੀ ਉਲੰਘਣਾ ਕਰਨ ’ਤੇ ਬੱਸ ਦਾ ਪਰਮਿਟ ਰੱਦ ਕਰਨ ਦੀ ਸਿਫਾਰਸ਼ ਐੱਸਟੀਏ ਨੂੰ ਭੇਜੀ ਜਾਵੇਗੀ।